NZ vs AUS : ਟ੍ਰੇਵਿਸ ਹੈੱਡ ਦੇ ਸੈਂਕੜੇ ਨਾਲ ਆਸਟਰੇਲੀਆ ਮਜ਼ਬੂਤ

12/27/2019 11:19:40 PM

ਮੈਲਬੋਰਨ- ਟ੍ਰੇਵਿਸ ਹੈੱਡ (114) ਦੇ ਸ਼ਾਨਦਾਰ ਸੈਂਕੜੇ ਤੇ ਕਪਤਾਨ ਤੇ ਵਿਕਟਕੀਪਰ ਟੀਮ ਪੇਨ (79) ਦੀ ਜ਼ਬਰਦਸਤ ਪਾਰੀ ਤੇ ਉਸ ਦੇ ਨਾਲ 6ਵੀਂ ਵਿਕਟ ਲਈ 150 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਆਸਟਰੇਲੀਆ ਨੇ ਨਿਊਜ਼ੀਲੈਂਡ ਵਿਰੁੱਧ ਬਾਕਸਿੰਗ ਡੇ ਟੈਸਟ ਮੈਚ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 467 ਦੌੜਾਂ ਦਾ ਵੱਡਾ ਸਕੋਰ ਬਣਾ ਲਿਆ ਤੇ ਦੂਜੇ ਦਿਨ ਦਾ ਖੇਡ ਖਤਮ ਹੋਣ ਤਕ ਸਿਰਫ 44 ਦੌੜਾਂ ਦੇ ਸਕੋਰ 'ਤੇ ਨਿਊਜ਼ੀਲੈਂਡ ਦੀਆਂ 2 ਵਿਕਟਾਂ ਵੀ ਲੈ ਲਈਆਂ।


ਆਸਟਰੇਲੀਆ ਨੇ ਸਵੇਰੇ 4 ਵਿਕਟਾਂ 'ਤੇ 257 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਤੇ ਆਪਣੀ ਪਹਿਲੀ ਪਾਰੀ ਵਿਚ 155.1 ਓਵਰਾਂ ਵਿਚ 467 ਦੌੜਾਂ ਦਾ ਵੱਡਾ ਸਕੋਰ ਬਣਾਇਆ। ਟ੍ਰੇਵਿਸ ਹੈੱਡ ਨੇ ਆਪਣੀ 25 ਦੌੜਾਂ ਦੀ ਪਾਰੀ ਨੂੰ ਅੱਗੇ ਵਧਾਉਂਦਿਆਂ ਸ਼ਾਨਦਾਰ ਸੈਂਕੜਾ ਲਾਇਆ। ਉਸ ਨੇ 234 ਗੇਂਦਾਂ ਦੀ ਪਾਰੀ ਵਿਚ 12 ਚੌਕਿਆਂ ਦੀ ਮਦਦ ਨਾਲ 114 ਦੌੜਾਂ ਬਣਾਈਆਂ ਤੇ ਉਹ ਨੀਲ ਵੈਗਨਰ ਦੀ ਗੇਂਦ 'ਤੇ ਆਊਟ ਹੋਇਆ। ਟੈਸਟ ਕਰੀਅਰ ਵਿਚ ਇਹ ਉਸਦਾ ਦੂਜਾ ਸੈਂਕੜਾ ਸੀ।


ਕਪਤਾਨ ਪੇਨ ਨੇ ਵੀ 138 ਗੇਂਦਾਂ 'ਤੇ 79 ਦੌੜਾਂ ਦੀ ਪਾਰੀ ਨੂੰ ਵੱਡੇ ਸਕੋਰ ਤਕ ਪਹੁੰਚਾਉਣ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ। ਉਸ ਨੇ ਆਪਣੀ ਪਹਿਲੀ ਅਰਧ ਸੈਂਕੜੇ ਵਾਲੀ ਪਾਰੀ ਵਿਚ 9 ਚੌਕੇ ਲਾਏ। ਪੇਨ ਤੇ ਟ੍ਰੇਵਿਸ ਹੈੱਡ ਨੇ ਮਿਲ ਕੇ 6ਵੀਂ ਵਿਕਟ ਲਈ ਜ਼ਬਰਦਸਤ 150 ਦੌੜਾਂ ਦੀ ਸਾਂਝੇਦਾਰੀ ਕੀਤੀ। ਸਾਬਕਾ ਕਪਤਾਨ ਸਟੀਵ ਸਮਿਥ 77 ਦੌੜਾਂ ਤੋਂ ਅੱਗੇ ਖੇਡਦਾ ਹੋਇਆ 85 ਦੌੜਾਂ 'ਤੇ ਆਊਟ ਹੋਇਆ। ਉਸ ਦੀ ਵਿਕਟ ਵੀ ਵੈਗਨਰ ਨੇ ਕੱਢੀ। ਇਸ ਤੋਂ ਇਲਾਵਾ ਜੇਮਸ ਪੈਟਿੰਸਨ ਨੇ ਅਜੇਤੂ 14 ਦੌੜਾਂ ਬਣਾਈਆਂ।


ਬੱਲੇਬਾਜ਼ੀ ਕਰਨ ਆਈ ਨਿਊਜ਼ੀਲੈਂਡ ਟੀਮ ਦੀ ਸ਼ੁਰੂਆਤ ਬੇਹੱਦ ਸਾਧਾਰਨ ਰਹੀ ਤੇ ਟੀਮ ਦੇ 23 ਦੌੜਾਂ ਦੇ ਸਕੋਰ 'ਤੇ ਟਾਮ ਬਲੰਡੇਲ ਸਿਰਫ 15 ਦੌੜਾਂ ਬਣਾ ਕੇ ਆਪਣੀ ਵਿਕਟ ਗੁਆ ਬੈਠਾ। ਫਿਰ ਬੱਲੇਬਾਜ਼ੀ ਕਰਨ ਉਤਰਿਆ ਕਪਤਾਨ ਕੇਨ ਵਿਲੀਅਮਸਨ ਵੀ ਕੁਝ ਖਾਸ ਨਹੀਂ ਕਰ ਸਕਿਆ ਤੇ 16 ਦੌੜਾਂ ਤੋਂ ਬਾਅਦ ਸਿਰਫ 9 ਦੌੜਾਂ ਦੇ ਨਿੱਜੀ ਸਕੋਰ 'ਤੇ ਪੈਟਿੰਸਨ ਦੀ ਗੇਂਦ 'ਤੇ ਵਿਕਟਕੀਪਰ ਪੇਨ ਨੂੰ ਕੈਚ ਦੇ ਬੈਠਾ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਰੋਸ ਟੇਲਰ ਨੇ ਫਿਰ ਟਾਮ ਲਾਥਮ ਨਾਲ ਆਪਣੀ ਟੀਮ ਨੂੰ ਦਿਨ ਦੀ ਸਮਾਪਤੀ ਤਕ ਕੋਈ ਹੋਰ ਨੁਕਸਾਨ ਨਹੀਂ ਹੋਣ ਦਿੱਤਾ। ਟੇਲਰ 2 ਤੇ ਲਾਥਮ 9 ਦੌੜਾਂ ਦੇ ਨਾਲ ਕ੍ਰੀਜ਼ 'ਤੇ ਹਨ। ਆਸਟਰੇਲੀਆ ਵਲੋਂ ਪੈਟ ਕਮਿੰਸ ਨੇ 7 ਓਵਰਾਂ ਵਿਚ ਸਿਰਫ 8 ਦੌੜਾਂ ਦੇ ਕੇ ਇਕ ਵਿਕਟ ਲਈ ਤੇ ਜੇਮਸ ਪੈਟਿੰਸਨ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 5 ਓਵਰਾਂ ਵਿਚ 9 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ।

Gurdeep Singh

This news is Content Editor Gurdeep Singh