ਹੁਣ ਇਸ ਟੂਰਨਾਮੈਂਟ ''ਚ ਚੌਕੇ-ਛੱਕੇ ਲਾਉਂਦੇ ਯੁਵਰਾਜ ਆ ਸਕਦੈ ਨਜ਼ਰ, ਜਾਣੋ ਕਦੋਂ ਹੋਣਗੇ ਮੈਚ

11/28/2019 12:14:29 PM

ਨਵੀਂ ਦਿੱਲੀ : ਪਹਿਲਾਂ ਵਨ ਡੇ ਕ੍ਰਿਕਟ, ਫਿਰ ਟੀ-20 ਅਤੇ ਹੁਣ ਟੀ-10 ਨੇ ਕ੍ਰਿਕਟ ਦਾ ਚਿਹਰਾ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਸਿਰਫ 120 ਗੇਂਦਾਂ ਦੀ ਇਸ ਕ੍ਰਿਕਟ ਵਿਚ ਛੱਕੇ-ਚੌਕਿਆਂ ਦੀ ਬਰਸਾਤ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਹੁੰਦਾ ਹੈ। ਹਾਲ ਹੀ 'ਚ ਆਬੂਧਾਬੀ ਵਿਚ ਟੀ-10 ਲੀਗ ਖੇਡੀ ਗਈ ਜਿਸ ਨੂੰ ਕ੍ਰਿਕਟ ਪ੍ਰਸ਼ੰਸਕਾਂ ਨੇ ਵੀ ਕਾਫੀ ਪਸੰਦ ਕੀਤਾ। ਇਸ ਲੀਗ ਵਿਚ ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਨੇ ਵੀ ਹਿੱਸਾ ਲਿਆ ਸੀ। ਆਬੂਧਾਬੀ ਟੀ-10 ਦੀ ਸਫਲਤਾ ਤੋਂ ਬਾਅਦ ਹੁਣ ਇਕ ਹੋਰ ਟੀ-10 ਲੀਗ ਸਾਹਮਣੇ ਆ ਰਹੀ ਹੈ। ਦਰਅਸਲ, ਕਤਰ ਕ੍ਰਿਕਟ ਐਸੋਸੀਏਸ਼ਨ ਵੀ ਇਕ ਟੀ-10 ਲੀਗ ਆਯੋਜਿਤ ਕਰਨ ਬਾਰੇ ਸੋਚ ਰਹੀ ਹੈ। ਜੇਕਰ ਸਭ ਕੁਝ ਸਹੀ ਰਿਹਾ ਤਾਂ ਇਸ ਲੀਗ ਦਾ ਪਹਿਲਾ ਸੀਜ਼ਨ 7 ਦਸੰਬਰ ਨੂੰ ਸ਼ੁਰੂ ਹੋ ਸਕਦਾ ਹੈ।

ਕਤਰ ਟੀ-10 ਲੀਗ 'ਚ ਹੋਣਗੀਆਂ 6 ਟੀਮਾਂ

ਕਤਰ ਟੀ-10 ਵਿਚ ਕੁਲ 6 ਟੀਮਾਂ ਹਿੱਸਾ ਲੈਣਗੀਆਂ। ਇਨ੍ਹਾਂ ਦੇ ਨਾਂ ਪਰਲ ਗਲੈਡੀਏਟਰਸ, ਫਲਾਈਂਗ ਓਰਿਕਸ, ਡੈਜ਼ਰਟ ਰਾਈਡਰਜ਼, ਸਵਿਫਟ ਗੈਲੋਪਰਸ, ਫਾਲਕਨ ਹੰਟਰਸ ਅਤੇ ਹੀਟ ਸਟੋਮਰਸ ਹਨ। ਇਹ ਟੀਮਾਂ ਲੀਗ ਗੇੜ ਵਿਚ ਇਕ-ਦੂਜੇ ਦਾ ਸਾਹਮਣਾ ਕਰਨਗੀਆਂ। ਇਸ ਤੋਂ ਬਾਅਦ ਚੋਟੀ 4 ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰ ਜਾਣਗੀਆਂ। ਹੁਣ ਤਕ ਦੇ ਤੈਅ ਪ੍ਰੋਗਰਾਮ ਮੁਤਾਬਕ, ਟੂਰਨਾਮੈਂਟ ਦਾ ਖਿਤਾਬੀ ਮੁਕਾਬਲਾ 16 ਦਸੰਬਰ ਨੂੰ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਤੀਜੇ ਸਥਾਨ ਲਈ ਪਲੇਅ-ਆਫ ਮੈਚ ਵੀ ਇਸੇ ਦਿਨ ਹੋਵੇਗਾ।

ਯੁਵਰਾਜ ਸਿੰਘ, ਐਂਜਲੋ ਮੈਥਿਊਜ਼ ਸਣੇ ਇਹ ਖਿਡਾਰੀ ਲੈਣਗੇ ਹਿੱਸਾ

ਕਤਰ ਟੀ-10 ਲੀਗ ਵਿਚ ਦੁਨੀਆ ਭਰ ਦੇ ਕਈ ਸਟਾਰ ਖਿਡਾਰੀ ਹਿੱਸਾ ਲੈ ਸਕਦੇ ਹਨ। ਇਨ੍ਹਾਂ ਵਿਚ ਸਾਬਕਾ ਭਾਰਤੀ ਸਟਾਰ ਯੁਵਰਾਜ ਸਿੰਘ, ਪਾਕਿਸਤਾਨ ਦੇ ਮੁਹੰਮਦ ਹਫੀਜ਼, ਕਾਮਰਾਨ ਅਕਮਲ ਅਥੇ ਸ਼੍ਰੀਲੰਕਾ ਦੇ ਐਂਜਲੋ ਮੈਥਿਊਜ਼ ਵੀ ਸ਼ਾਮਲ ਹਨ। ਲੀਗ ਵਿਚ ਕੁਲ 73 ਖਿਡਾਰੀ ਹੋਣਗੇ। ਇਸ ਵਿਚ 17 ਕ੍ਰਿਕਟਰ ਕਤਰ ਅਤੇ 24 ਖਿਡਾਰੀ ਐਸੋਸੀਏਟਿਡ ਦੇਸ਼ਾਂ ਦੇ ਹੋਣਗੇ। ਅਗਲੇ 2-3 ਦਿਨ ਵਿਚ ਖਿਡਾਰੀਆਂ ਦਾ ਡ੍ਰਾਫਟ ਤੈਅ ਹੋ ਸਗਦਾ ਹੈ।