4 ਦਿਨਾ ਟੈਸਟ ਮੈਚ ਦਾ ਕੋਹਲੀ ਨੇ ਕੀਤਾ ਵਿਰੋਧ, ਦਿੱਤਾ ਇਹ ਵੱਡਾ ਬਿਆਨ

01/05/2020 11:09:00 AM

ਸਪੋਰਟਸ ਡੈਸਕ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਈ. ਸੀ. ਸੀ. ਵਲੋਂ ਪ੍ਰਸਤਾਵਿਤ 4 ਦਿਨਾ ਟੈਸਟ ਦਾ ਸਖਤ ਵਿਰੋਧ ਕੀਤਾ ਤੇ ਕਿਹਾ ਕਿ ਉਹ ਖੇਡ ਦੇ ਪੁਰਾਣੇ ਫਾਰਮੈਟ 5 ਦਿਨਾ ਫਾਰਮੈਟ ਨਾਲ ਛੇੜਛਾੜ ਦੇ ਪੱਖ 'ਚ ਨਹੀਂ ਹੈ। ਆਈ. ਸੀ. ਸੀ. ਵਪਾਰਕ ਰੂਲ ਨਾਲ ਲੁਭਾਵਨੇ ਸੰਖੇਪ ਫਾਰਮੈਟਾਂ ਲਈ ਜ਼ਿਆਦਾ ਦਿਨ ਕੱਢਣ ਲਈ 2023 ਤੋਂ 2031 ਦੇ ਅਗਲੇ ਏ. ਟੀ. ਪੀ. ਪ੍ਰੋਗਰਾਮ 'ਚ 4 ਦਿਨਾ ਟੈਸਟ ਮੈਚ ਕਰਵਾਉਣਾ ਚਾਹੁੰਦਾ ਹੈ। ਹਾਲਾਂਕਿ ਇਸਦਾ ਅਜੇ ਪ੍ਰਸਤਾਵ ਹੀ ਦਿੱਤਾ ਗਿਆ ਹੈ ਤੇ ਕ੍ਰਿਕਟ ਆਸਟਰੇਲੀਆ ਨੇ ਵੀ ਇਸ ਫਾਰਮੈਟ ਨੂੰ ਅਜ਼ਮਾਉਣ ਦੀ ਇੱਛਾ ਜ਼ਾਹਿਰ ਕੀਤੀ ਹੈ। ਹਾਲਾਂਕਿ ਸੀਨੀਅਰ ਗੇਂਦਬਾਜ਼ ਨਾਥਨ ਲਿਓਨ ਨੇ ਇਸ ਨੂੰ 'ਹਾਸਾਪੂਰਨ' ਕਰਾਰ ਦਿੱਤਾ ਹੈ।
ਭਾਰਤੀ ਕਪਤਾਨ ਕੋਹਲੀ ਨੇ ਅੱਜ ਕਿਹਾ, ''ਮੇਰੇ ਹਿਸਾਬ ਨਾਲ ਇਸ 'ਚ ਕੋਈ ਛੇੜਛਾੜ ਨਹੀਂ ਕੀਤੀ ਜਾਣੀ ਚਾਹੀਦੀ ਹੈ। ਜਿਵੇਂ ਕਿ ਮੈਂ ਕਿਹਾ ਕਿ ਡੇਅ-ਨਾਈਟ ਮੁਕਾਬਲਾ ਟੈਸਟ ਕ੍ਰਿਕਟ ਦਾ ਵਪਾਰੀਕਰਨ ਵੱਲ ਇਕ ਹੋਰ ਕਦਮ ਹੈ। ਇਸਦੇ ਲਈ ਰੋਮਾਂਚ ਪੈਦਾ ਕਰਨਾ ਇਕ ਵੱਖਰੀ ਗੱਲ ਹੈ ਪਰ ਇਸ 'ਚ ਜ਼ਿਆਦਾ ਛੇੜਛਾੜ ਨਹੀਂ ਕੀਤੀ ਜਾ ਸਕਦੀ ਹੈ। ਮੈਂ ਅਜਿਹਾ ਨਹੀਂ ਮੰਨਦਾ।''