ਨਾਰਵੇ ਸ਼ਤਰੰਜ 2017: ਆਨੰਦ ਅਤੇ ਕਰਜਾਕਿਨ ਵਿਚਕਾਰ ਹੋਇਆ ਰੋਮਾਂਚਕ ਡਰਾਅ

06/09/2017 6:18:54 PM

ਸਟੇਵਾਂਗਰ— ਨਾਰਵੇ ਸ਼ਤਰੰਜ 2017 ਦੇ 8 ਜੂਨ ਨੂੰ ਸ਼ਾਨਦਾਰ ਮੁਕਾਬਲਿਆਂ ਦੇ ਤੀਜੇ ਦਿਨ ਸਾਰੇ ਮੈਚਾਂ ਦੇ ਡਰਾਅ ਹੋਣ ਕਾਰਨ ਮਾਹੌਲ ਸ਼ਾਂਤੀ ਭਰਿਆ ਰਿਹਾ ਪਰ ਦਰਅਸਲ ਹਕੀਕਤ 'ਚ ਅਜਿਹਾ ਨਹੀਂ ਸੀ ਚਾਹੇ ਉਹ ਵਿਸ਼ਵਨਾਥਨ ਆਨੰਦ ਅਤੇ ਸੇਰਜੀ ਕਰਜਾਕਿਨ ਦਾ ਮੁਕਾਬਲਾ ਸੀ ਜਾਂ ਫਿਰ ਮੇਗਨਸ ਕਾਰਲਸਨ, ਹਿਕਾਰੂ ਨਾਕਾਮੁਰਾ 'ਚ ਹੋਈਆਂ ਮੋਹਰਾਂ ਦੀ ਜ਼ੋਰਦਾਰ ਟੱਕਰ ਦਾ ਮੁਕਾਬਲਾ ਸੀ, ਜਿਸ 'ਚ ਕਿਸੇ ਦੀ ਵੀ ਇਕ ਗਲਤੀ ਕਾਰਨ ਨਤੀਜਾ ਸਾਹਮਣੇ ਵਾਲੇ ਦੇ ਪੱਖ 'ਚ ਹੋ ਸਕਦਾ ਸੀ। ਸਭ ਤੋਂ ਪਹਿਲਾ ਗੱਲ ਕਰਦੇ ਹਾਂ ਆਨੰਦ ਅਤੇ ਕਰਜਾਕਿਨ ਵਿਚਕਾਰ ਹੋਏ ਰੋਮਾਂਚਕ ਮੁਕਾਬਲੇ ਦੀ ਜਿਸ 'ਚ ਬਰਲਿਨ ਓਪਨਿੰਗ 'ਚ ਹੋਇਆ ਮੈਚ ਸ਼ੁਰੂਆਤ 'ਚ ਹੀ ਬਹੁਤ ਰੋਮਾਂਚਕ ਹੋ ਗਿਆ ਸੀ। ਇਸ ਮੈਚ 'ਚ ਕਰਜਾਕਿਨ ਨੇ ਆਪਣੀਆਂ ਮੋਹਰਾਂ ਦੀ ਚੰਗੀ ਸਥਿਤੀ ਦਾ ਫਾਇਦਾ ਚੁੱਕਣ ਲਈ ਆਪਣੇ 2 ਪਿਆਦੇ ਕੁਰਬਾਨ ਕਰ ਕੇ ਆਨੰਦ 'ਤੇ ਹਮਲਾ ਕਰ ਦਿੱਤਾ ਪਰ ਸਾਬਕਾ ਵਿਸ਼ਵ ਚੈਂਪੀਅਨਸ ਆਨੰਦ ਨੇ ਸਹੀ ਸਮੇਂ 'ਤੇ ਮੋਹਰਾਂ ਦੀ ਅਦਲਾ-ਬਦਲੀ ਕੀਤੀ ਅਤੇ ਆਪਣੇ ਵੀ 2 ਪਿਆਦੇ ਕੁਰਬਾਨ ਕਰ ਕੇ ਆਪਣੀਆਂ ਮੋਹਰਾਂ ਨੂੰ ਗਤੀ ਪ੍ਰਦਾਨ ਕੀਤੀ। ਜਿਸ ਦੌਰਾਨ ਨਤੀਜਾ ਬਰਾਬਰੀ 'ਤੇ ਰੁੱਕ ਗਿਆ। 
ਦੂਜਾ ਰੋਮਾਂਚਕ ਮੁਕਾਬਲਾ ਜੋ ਕਾਰਲਸਨ ਅਤੇ ਨਾਕਾਮੁਰਾ ਵਿਚਕਾਰ ਹੋਇਆ। ਇਸ 'ਚ ਦੋਵੇਂ ਖਿਡਾਰੀਆਂ ਨੇ ਇਕ ਦੂਜੇ ਦੇ ਰਾਜੇ 'ਤੇ ਹਮਲਾ ਕੀਤਾ, ਜਿਸ ਦੌਰਾਨ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਦੋਵੇਂ ਹੀ ਇਕ ਦੂਜੇ ਨੂੰ ਹਰਾ ਕੇ ਹੀ ਦਮ ਲੈਣਗੇ ਪਰ ਮੈਚ ਦੇ ਅਖੀਰ 'ਚ ਨਾਕਾਮੁਰਾ ਨੇ ਕਾਰਲਸਨ ਦੇ ਰਾਜੇ ਨੂੰ ਘੇਰ ਕੇ ਲਗਾਤਾਰ ਸ਼ਹਿ ਦਿੰਦੇ ਹੋਏ ਮੈਚ ਨੂੰ ਡਰਾਅ ਕਰਨ 'ਚ ਮਜ਼ਬੂਰ ਕਰ ਦਿੱਤਾ।
3 ਰਾਊਂਡ ਤੋਂ ਬਾਅਦ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਅਤੇ ਰੂਸ ਦੇ ਵਲਾਦਿਮੀਰ ਕ੍ਰਾਮਨਿਕ 2 ਅੰਕਾਂ ਨਾਲ ਸਾਂਝੇ ਤੌਰ ਦੀ ਬੜ੍ਹਤ 'ਤੇ ਹਨ। ਮੇਗਨਸ ਕਾਰਲਸਨ, ਵੇਸਲੀ ਸੋ, ਲੇਵਾਨ ਅਰਨੋਨਿਅਨ, ਫੇਬਿਆਨੋ ਕਾਰੂਆਨਾ, ਸੇਰਜੀ ਕਰਜਾਕਿਨ ਅਤੇ ਮੇਕਿਸਸ ਲਾਗ੍ਰੇਵ 1.5 ਅੰਕਾਂ 'ਤੇ ਖੇਡ ਰਹੇ ਹਨ, ਜਦਕਿ ਆਨੰਦ ਅਤੇ ਅਨੀਸ਼ ਗਿਰਿ 1 ਅੰਕ ਨਾਲ ਆਖਰੀ ਸਥਾਨ 'ਤੇ ਹਨ। ਜੇਕਰ ਆਨੰਦ ਨੂੰ ਵਾਪਸੀ ਕਰਨੀ ਹੈ ਤਾਂ ਉਸ ਨੂੰ ਜ਼ਲਦ ਹੀ ਇਕ ਵੱਡੀ ਜਿੱਤ ਦਰਜ ਕਰਨੀ ਪਵੇਗੀ।