ਪੂਰਬੀ-ਉੱਤਰੀ ਸੂਬਿਆਂ 'ਚ ਚੋਟੀ ਦੇ ਖਿਡਾਰੀ ਤਿਆਰ ਕਰਨ ਦੀ ਵੱਧ ਸਮਰਥਾ : IOA ਪ੍ਰਮੁੱਖ ਬਤਰਾ

11/16/2021 4:01:01 PM

ਗੰਗਟੋਕ- ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਪ੍ਰਧਾਨ ਨਰਿੰਦਰ ਬਤਰਾ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਦੇ ਪੂਰਬੀ-ਉੱਤਰੀ ਖੇਤਰ 'ਚ ਹੁਨਰਮੰਦ ਖਿਡਾਰੀ ਤਿਆਰ ਕਰਨ ਦੀ ਰਾਸ਼ਟਰ ਦੇ ਕਿਸੇ ਹੋਰ ਹਿੱਸੇ ਤੋਂ ਵੱਧ ਸਮਰਥਾ ਹੈ। ਬਤਰਾ ਨੇ ਕਿਹਾ ਕੇ ਪੂਰਬੀ-ਉੱਤਰੀ ਖਿਡਾਰੀ  ‘ਬੇਹੱਦ ਹੁਨਰਮੰਦ' ਹਨ ਤੇ ਉਨ੍ਹਾਂ ਕੋਲ ਮੁਕਾਬਲੇਬਾਜ਼ੀ ਖੇਡ ਖੇਡਣ ਲਈ ਜ਼ਰੂਰੀ ਸਰੀਰਕ ਦਮਖ਼ਮ ਹੈ। ਆਈ. ਓ. ਏ. ਪ੍ਰਧਾਨ ਨੇ ਕਿਹਾ ਕਿ ਭਵਿੱਖ 'ਚ ਪੂਰਬੀ-ਉੱਤਰੀ ਸੂਬਿਆਂ ਤੋਂ ਹੋਰ ਜ਼ਿਆਦਾ ਖਿਡਾਰੀ ਆਉਣਗੇ। ਬਤਰਾ ਸੂਬੇ ਦੇ ਦੋ ਰੋਜ਼ਾ ਦੌਰੇ 'ਤੇ ਆਏ ਹਨ। ਉਹ ਇੱਥੇ ਆਉਣ ਤੋਂ ਪਹਿਲਾਂ ਪੱਛਮੀ ਬੰਗਾਲ ਗਏ ਸਨ।

ਬਤਰਾ ਨੇ ਸਿੱਕਮ ਸਰਕਾਰ ਦੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਬੁਨਿਆਦੀ ਢਾਂਚਾ ਤਿਆਰ ਕਰ ਰਹੀ ਹੈ ਤੇ ਜ਼ਮੀਨੀ ਪੱਧਰ 'ਤੇ ਪੇਂਡੂ ਖੇਤਰਾਂ 'ਚ ਕੰਮ ਕਰ ਰਹੀ ਹੈ। ਬਤਰਾ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਵੀ ਮੈਂਬਰ ਹਨ ਤੇ ਕੌਮਾਂਤਰੀ ਹਾਕੀ ਮਹਾਸੰਘ (ਆਈ. ਐੱਚ. ਐੱਫ.) ਦੇ ਵੀ ਪ੍ਰਧਾਨ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸਿੱਕਮ 'ਚ ਖੇਡਾਂ ਦੇ ਵਿਕਾਸ ਲਈ ਇੱਥੇ ਆਏ ਹਨ। ਸਿੱਕਮ ਓਲੰਪਿਕ ਸੰਘ ਦੇ ਪ੍ਰਧਾਨ ਕੁਬੇਰ ਭੰਡਾਰੀ ਤੇ ਉਨ੍ਹਾਂ ਦੇ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਨੇ ਇੱਥੇ ਪਹੁੰਚਣ 'ਤੇ ਬਤਰਾ ਦਾ ਗ਼ਰਮਜੋਸ਼ੀ ਨਾਲ ਸਵਾਗਤ ਕੀਤਾ।

Tarsem Singh

This news is Content Editor Tarsem Singh