ਨਿਕਹਤ ਜਰੀਨ ਨੇ ਖੇਡ ਮੰਤਰੀ ਨੂੰ ਪੱਤਰ ਲਿਖ ਮੈਰੀਕਾਮ ਨਾਲ ਮੁਕਾਬਲੇ ਦੀ ਕੀਤੀ ਮੰਗ

10/18/2019 10:36:54 AM

ਸਪੋਰਟਸ ਡੈਸਕ— ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਨਿਕਹਤ ਜਰੀਨ ਨੇ ਖੇਡ ਮੰਤਰੀ ਕਿਰੇਨ ਰਿਜਿਜੂ ਨੂੰ ਪੱਤਰ ਲਿਖ ਕੇ ਅਗਲੇ ਸਾਲ ਹੋਣ ਵਾਲੇ ਓਲੰਪਿਕ ਕੁਆਲੀਫਾਇਰਸ ਲਈ ਭਾਰਤੀ ਟੀਮ ਦੀ ਚੋਣ ਕਰਨ ਤੋਂ ਪਹਿਲਾਂ ਐੱਮ. ਸੀ. ਮੈਰੀਕਾਮ ਵਿਰੁੱਧ ਟ੍ਰਾਇਲ ਮੁਕਾਬਲਾ ਕਰਵਾਉਣ ਦੀ ਮੰਗ ਕੀਤੀ ਹੈ। ਮੈਰੀਕਾਮ (51 ਕਿ. ਗ੍ਰਾ.) ਨੇ ਰੂਸ 'ਚ ਹਾਲ ਹੀ 'ਚ ਖਤਮ ਹੋਈ ਵਰਲਡ ਚੈਂਪੀਅਨਸ਼ਿਪ 'ਚ ਆਪਣਾ 8ਵਾਂ ਤਮਗਾ ਹਾਸਲ ਕੀਤਾ ਹੈ।

ਓਲੰਪਿਕ ਕੁਆਲੀਫਾਇਰਸ ਲਈ ਵੀ ਮੈਰੀਕਾਮ ਨੂੰ ਭੇਜਣ ਦੀ ਹੈ ਯੋਜਨਾ
ਉਸ ਨੂੰ ਇਸ ਪ੍ਰਤੀਯੋਗਿਤਾ ਲਈ ਜਰੀਨ 'ਤੇ ਪਹਿਲ ਦਿੱਤੀ ਗਈ ਸੀ। ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀ. ਐੱਫ. ਆਈ.) ਨੇ ਉਦੋਂ ਟ੍ਰਾਇਲ ਤੋਂ ਇਨਕਾਰ ਕਰ ਦਿੱਤਾ ਸੀ ਤੇ ਮੈਰੀਕਾਮ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਉਸ ਨੂੰ ਟੀਮ 'ਚ ਰੱਖਣ ਦਾ ਫੈਸਲਾ ਕੀਤਾ ਸੀ। ਬੀ. ਐੱਫ. ਆਈ. ਦੀ ਹੁਣ ਵਰਲਡ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜਿੱਤਣ ਕਾਰਣ ਓਲੰਪਿਕ ਕੁਆਲੀਫਾਇਰਸ ਲਈ ਵੀ ਮੈਰੀਕਾਮ ਨੂੰ ਭੇਜਣ ਦੀ ਯੋਜਨਾ ਹੈ। ਇਸ ਤਰ੍ਹਾਂ ਨਾਲ ਉਹ ਆਪਣੇ ਪਿਛਲੇ ਫੈਸਲੇ ਤੋਂ ਪਿੱਛੇ ਹਟ ਰਿਹਾ ਹੈ। ਉਦੋਂ ਉਸ ਨੇ ਸਿਰਫ ਸੋਨ ਤੇ ਚਾਂਦੀ ਤਮਗਾ ਜੇਤੂ ਦੀ ਹੀ ਸਿੱਧੀ ਚੋਣ ਕਰਨ ਦਾ ਫੈਸਲਾ ਕੀਤਾ ਸੀ। ਕੁਆਲੀਫਾਇਰ ਅਗਲੇ ਸਾਲ ਫਰਵਰੀ ਵਿਚ ਚੀਨ 'ਚ ਹੋਣਗੇ।

ਮੇਰੀ ਇਕ ਮਹਾਨ ਮੁੱਕੇਬਾਜ਼ ਬਣਨ ਦੀ ਕੋਸ਼ਿਸ਼
ਜਰੀਨ ਨੇ ਆਪਣੇ ਪੱਤਰ 'ਚ ਲਿਖਿਆ, ''ਸਰ, ਖੇਡ ਦਾ ਆਧਾਰ ਨਿਰਪੱਖਤਾ ਹੈ ਤੇ ਕਿਸੇ ਨੂੰ ਹਰ ਸਮੇਂ ਖੁਦ ਨੂੰ ਸਾਬਤ ਕਰਨ ਦੀ ਲੋੜ ਹੁੰਦੀ ਹੈ। ਇੱਥੋਂ ਤਕ ਕਿ ਓਲੰਪਿਕ ਸੋਨ ਤਮਗਾ ਜੇਤੂ ਨੂੰ ਵੀ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰਨ ਲਈ ਫਿਰ ਤੋਂ ਮੁਕਾਬਲਾ ਕਰਨਾ ਪੈਂਦਾ ਹੈ।'' ਉਸ ਨੇ ਕਿਹਾ, ''ਮੈਂ ਬਚਪਨ ਤੋਂ ਹੀ ਮੈਰੀਕਾਮ ਤੋਂ ਉਤਸ਼ਾਹਿਤ ਰਹੀ ਹਾਂ। ਇਸ ਪ੍ਰੇਰਣਾ ਕਾਰਣ ਇਨਸਾਫ ਕਰਨ ਦਾ ਸਭ ਤੋਂ ਚੰਗਾ ਤਰੀਕਾ ਇਹ ਹੀ ਹੋ ਸਕਦਾ ਹੈ ਕਿ ਮੈਂ ਉਸਦੀ ਤਰ੍ਹਾਂ ਇਕ ਮਹਾਨ ਮੁੱਕੇਬਾਜ਼ ਬਣਨ ਦੀ ਕੋਸ਼ਿਸ਼ ਕਰਾਂ। ਕੀ ਮੈਰੀਕਾਮ ਖੇਡ ਦੀ ਇੰਨੀ ਵੱਡੀ ਹਸਤੀ ਹੈ ਕਿ ਉਸ ਨੂੰ ਮੁਕਾਬਲੇਬਾਜ਼ੀ ਤੋਂ ਦੂਰ ਰੱਖਣ ਦੀ ਲੋੜ ਹੈ।'' ਦਿਲਚਸਪ ਗੱਲ ਇਹ ਹੈ ਕਿ ਬੀ. ਐੱਫ. ਆਈ. ਦੇ ਪੁਰਸ਼ ਵਰਗ ਦੇ ਮਾਪਦੰਡਾਂ ਅਨੁਸਾਰ ਕਾਂਸੀ ਤਮਗਾ ਜੇਤੂ ਦੀ ਵੀ ਸਿੱਧੀ ਚੋਣ ਹੋਵੇਗੀ। ਜਰੀਨ ਨੇ ਲਿਖਿਆ ਹੈ, ''ਆਖਿਰ ਉਦੋਂ 23 ਵਾਰ ਦੇ ਸੋਨ ਤਮਗਾ ਜੇਤੂ ਮਾਈਕਲ ਫੇਲਪਸ ਨੂੰ ਵੀ ਓਲੰਪਿਕ ਲਈ ਹਰ ਵਾਰ ਨਵੇਂ ਸਿਰੇ ਤੋਂ ਕੁਆਲੀਫਾਈ ਕਰਨਾ ਪਿਆ ਹੈ ਤਾਂ ਸਾਨੂੰ ਸਾਰਿਆਂ ਨੂੰ ਵੀ ਅਜਿਹਾ ਕਰਨਾ ਚਾਹੀਦਾ ਹੈ।''

ਮਹਾਸੰਘ ਦੇ ਕਹਿਣ 'ਤੇ ਟ੍ਰਾਇਲ 'ਚ ਹਿੱਸਾ ਲਵਾਂਗੀ
ਮੈਰੀਕਾਮ ਕਹਿੰਦੀ ਰਹੀ ਹੈ ਕਿ ਚੋਣ ਟ੍ਰਾਇਲ 'ਤੇ ਉਹ ਬੀ. ਐੱਫ. ਆਈ. ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੇਗੀ ਤੇ ਜੇਕਰ ਮਹਾਸੰਘ ਕਹਿੰਦਾ ਹੈ ਤਾਂ ਟ੍ਰਾਇਲ 'ਚ ਹਿੱਸਾ ਲਵੇਗੀ। ਖੇਡ ਮੰਤਰਾਲਾ ਕਿਸੇ ਵੀ ਰਾਸ਼ਟਰੀ ਮਹਾਸੰਘ ਦੇ ਚੋਣ ਮਾਮਲਿਆਂ 'ਚ ਉਦੋਂ ਤਕ ਦਖਲ ਨਹੀਂ ਕਰ ਸਕਦਾ, ਜਦੋਂ ਤਕ ਉਸ ਨੂੰ ਖੇਡ ਦੀ ਕੌਮਾਂਤਰੀ ਸੰਸਥਾ ਅਜਿਹਾ ਕਰਨ ਲਈ ਨਾ ਕਹੇ ਕਿਉਂਕਿ ਇਸ ਤਰ੍ਹਾਂ ਦਾ ਕੋਈ ਵੀ ਕਦਮ ਓਲੰਪਿਕ ਚਾਰਟਰ ਦੀ ਉਲੰਘਣਾ ਮੰਨਿਆ ਜਾਂਦਾ ਹੈ।

ਜਰੀਨ ਨੇ ਕਿਹਾ ਕਿ ਜੇਕਰ ਟ੍ਰਾਇਲ ਹੁੰਦਾ ਹੈ ਅਤੇ ਉਹ ਹਾਰ ਜਾਂਦੀ ਹੈ ਤਾਂ ਉਸ ਨੂੰ ਇਹ ਤਾਂ ਅਹਿਸਾਸ ਹੋਵੇਗਾ ਕਿ ਉਸ ਨੂੰ ਘੱਟ ਤੋਂ ਘੱਟ ਮੌਕਾ ਤਾਂ ਮਿਲਿਆ। ਉਸ ਨੇ ਕਿਹਾ, ''ਮੈਂ ਮਦਦ ਨਹੀਂ ਸਿਰਫ ਨਿਰਪੱਖਤਾ ਚਾਹੁੰਦੀ ਹਾਂ। ਟ੍ਰਾਇਲ ਤੋਂ ਬਾਅਦ ਮੈਰੀਕਾਮ ਜਾਂ ਹੋਰ ਕੋਈ ਵੀ ਮੁੱਕੇਬਾਜ਼ ਕੁਆਲੀਫਾਈ ਕਰਦੀ ਹੈ ਤਾਂ ਘੱਟ ਤੋਂ ਘੱਟ ਅਸੀਂ ਇਹ ਸੋਚ ਕੇ ਚੈਨ ਦੀ ਨੀਂਦ ਤਾਂ ਸੌਂ ਸਕਦੇ ਹਾਂ ਕਿ ਹਰੇਕ ਦਾਅਵੇਦਾਰ ਨੂੰ ਓਲੰਪਿਕ 'ਚ ਭਾਰਤ ਨੂੰ ਸਨਮਾਨਿਤ ਕਰਨ ਲਈ ਹਰ ਸੰਭਵ ਮੌਕਾ ਦਿੱਤਾ ਗਿਆ।''