ਤਿਆਰੀ ਮਜ਼ਬੂਤ ਕਰਨ ਉਤਰੇਗਾ ਨਿਊਜ਼ੀਲੈਂਡ

10/17/2017 12:24:47 AM

ਮੁੰਬਈ— ਨਿਊਜ਼ੀਲੈਂਡ ਕ੍ਰਿਕਟ ਟੀਮ 22 ਅਕੂਤਬਰ ਤੋਂ ਭਾਰਤ ਵਿਰੁੱਧ ਸ਼ੁਰੂ ਹੋਣ ਜਾ ਰਹੀ ਸੀਮਤ ਓਵਰ ਸੀਰੀਜ਼ ਤੋਂ ਪਹਿਲਾਂ ਇਥੇ ਬ੍ਰੇਬੋਰਨ ਸਟੇਡੀਅਮ ਵਿਚ ਬੋਰਡ ਪ੍ਰੈਜ਼ੀਡੈਂਟ ਇਲੈਵਨ ਵਿਰੁੱਧ ਮੰਗਲਵਾਰ ਨੂੰ ਪਹਿਲੇ ਅਭਿਆਸ ਮੈਚ 'ਚ ਤਿਆਰੀਆਂ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਉਤਰੇਗੀ। ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਸੀ ਕਿ ਭਾਰਤ ਨੂੰ ਉਸੇ ਦੀ ਧਰਤੀ 'ਤੇ ਹਰਾਉਣਾ ਹਮੇਸ਼ਾ ਮੁਸ਼ਕਿਲ ਹੁੰਦਾ ਹੈ। ਇਸਦੇ ਇਲਾਵਾ ਭਾਰਤ ਕੋਲ ਯੁਜਵੇਂਦਰ ਚਾਹਲ ਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਵਰਗੇ ਬਿਹਤਰੀਨ ਲੈੱਗ ਸਪਿਨਰ ਵੀ ਹਨ, ਜਿਹੜੇ ਕੀਵੀ ਟੀਮ ਵਿਰੁੱਧ ਕਾਫੀ ਚੁਣੌਤੀ ਪੇਸ਼ ਕਰ ਸਕਦੇ ਹਨ ਤੇ ਅਜਿਹੇ ਵਿਚ ਮੁੱਖ ਸੀਰੀਜ਼ ਤੋਂ ਪਹਿਲਾਂ ਉਨ੍ਹਾਂ ਨੂੰ ਤਿਆਰੀਆਂ ਦੀ ਲੋੜ ਹੈ।
ਨਿਊਜ਼ੀਲੈਂਡ ਕ੍ਰਿਕਟ ਟੀਮ 'ਚ ਇਸ ਵਾਰ ਚੋਣਕਾਰਾਂ ਨੇ ਐਤਵਾਰ ਨੂੰ ਭਾਰਤ-ਏ ਵਿਰੁੱਧ ਖਤਮ ਹੋਈ ਨਿਊਜ਼ੀਲੈਂਡ-ਏ ਟੀਮ ਤੋਂ ਵੀ 6 ਖਿਡਾਰੀਆਂ ਨੂੰ ਉਤਾਰਿਆ ਹੈ। ਇਹ ਖਿਡਾਰੀ ਭਾਰਤੀ ਧਰਤੀ 'ਤੇ ਖੇਡਣ ਦਾ ਤਜਰਬਾ ਹਾਸਲ ਕਰ ਚੁੱਕੇ ਹਨ ਤੇ ਇਥੋਂ ਦੇ ਹਾਲਾਤ ਵਿਚ ਖੁਦ ਨੂੰ ਕਾਫੀ ਹੱਦ ਤਕ ਢਾਲ ਚੁੱਕੇ ਹਨ, ਜਿਸ ਦਾ ਮਹਿਮਾਨ ਟੀਮ ਨੂੰ ਫਾਇਦਾ ਮਿਲ ਸਕਦਾ ਹੈ। ਕੀਵੀ ਟੀਮ ਨੇ ਭਾਰਤ ਪਹੁੰਚਣ ਤੋਂ ਬਾਅਦ ਮੁੰਬਈ ਵਿਚ ਕਾਫੀ ਅਭਿਆਸ ਵੀ ਕੀਤਾ ਹੈ। ਨਿਊਜ਼ੀਲੈਂਡ ਨੇ ਆਪਣੀ ਟੀਮ ਵਿਚ ਕਈ ਨਵੇਂ ਖਿਡਾਰੀਆਂ ਨੂੰ ਉਤਾਰਿਆ ਹੈ ਪਰ ਟੀਮ ਦੇ ਸੀਨੀਅਰ ਖਿਡਾਰੀਆਂ ਕਪਤਾਨ ਵਿਲੀਅਮਸਨ, ਰੋਸ ਟੇਲਰ, ਮਾਰਟਿਨ ਗੁਪਟਿਲ 'ਤੇ ਸੀਰੀਜ਼ ਵਿਚ ਚੰਗਾ ਪ੍ਰਦਰਸ਼ਨ ਕਰਨ ਦਾ ਵੱਧ ਦਬਾਅ ਰਹੇਗਾ, ਉਥੇ ਹੀ ਨਿਊਜ਼ੀਲੈਂਡ-ਏ ਸੀਰੀਜ਼ ਵਿਚ ਚੰਗਾ ਪ੍ਰਦਰਸ਼ਨ ਦੀ ਬਦੌਲਤ ਰਾਸ਼ਟਰੀ ਟੀਮ 'ਚ ਜਗ੍ਹਾ ਬਣਾਉਣ ਵਾਲੇ ਮੱਧਕ੍ਰਮ ਦੇ ਬੱਲੇਬਾਜ਼ ਟਾਡ ਐਸਲੇ, ਗੇਂਦਬਾਜ਼ ਗਲੇਨ ਫਿਲਿਪ, ਕੌਲਿਨ ਮੁਨਰੋ, ਹੈਨਰੀ ਨਿਕੋਲਸ, ਜਾਰਜ ਵਰਕਰ ਤੋਂ ਵੀ ਚੰਗੀ ਖੇਡ ਦੀ ਉਮੀਦ ਹੋਵੇਗੀ।