ਨਿਊਜ਼ੀਲੈਂਡ ਨੇ ਕੀਤਾ ਪਾਕਿਸਤਾਨ ਦਾ 5-0 ਨਾਲ ਕਲੀਨ ਸਵੀਪ

01/19/2018 2:13:23 PM

ਵੇਲਿੰਗਟਨ, (ਬਿਊਰੋ)— ਮਾਰਟਿਨ ਗੁਪਟਿਲ (100 ਦੌੜਾਂ) ਦੀ ਸੈਂਕੜੇ ਵਾਲੀ ਪਾਰੀ ਅਤੇ ਮੈਟ ਹੈਨਰੀ (53 ਦੌੜਾਂ 'ਤੇ 4 ਵਿਕਟ) ਦੀ ਗੇਂਦਬਾਜ਼ੀ ਨਾਲ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਪੰਜਵੇਂ ਅਤੇ ਆਖਰੀ ਵਨਡੇ ਮੁਕਾਬਲੇ 'ਚ ਸ਼ੁੱਕਰਵਾਰ ਨੂੰ 15 ਦੌੜਾਂ ਨਾਲ ਹਰਾਉਣ ਦੇ ਨਾਲ ਸੀਰੀਜ਼ 'ਚ 5-0 ਨਾਲ ਕਲੀਨ ਸਵੀਪ ਕੀਤਾ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 50 ਓਵਰਾਂ 'ਚ 7 ਵਿਕਟ ਦੇ ਨੁਕਸਾਨ 'ਤੇ 271 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਜਿਸ ਦੇ ਜਵਾਬ 'ਚ ਪਾਕਿਸਤਾਨੀ ਟੀਮ 49 ਓਵਰ 'ਚ 256 'ਤੇ ਆਲ ਆਊਟ ਹੋ ਗਈ। ਇਸੇ ਦੇ ਨਾਲ ਮੇਜ਼ਬਾਨ ਕੀਵੀ ਟੀਮ ਨੇ ਪਾਕਿਸਤਾਨ ਦਾ ਪੰਜ ਮੈਚਾਂ ਦੀ ਸੀਰੀਜ਼ 'ਚ ਸਫਾਇਆ ਕਰ ਦਿੱਤਾ।

ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਨੂੰ ਮੈਚ 'ਚ ਉਸ ਦੀ 126 ਗੇਂਦਾਂ 'ਚ 10 ਚੌਕੇ ਅਤੇ ਇੱਕ ਛੱਕੇ ਨਾਲ ਸਜੀ 100 ਦੌੜਾਂ ਦੀ ਪਾਰੀ ਦੇ ਲਈ ਮੈਨ ਆਫ ਦਿ ਮੈਚ ਚੁਣਿਆ ਗਿਆ ਜੋ ਕਿ ਉਨ੍ਹਾਂ ਦਾ 13ਵਾਂ ਸੈਂਕੜਾ ਹੈ। ਉਨ੍ਹਾਂ ਨੂੰ ਸੀਰੀਜ਼ 'ਚ ਓਵਰਆਲ ਪ੍ਰਦਰਸ਼ਨ ਦੇ ਲਈ ਮੈਨ ਆਫ ਦਿ ਸੀਰੀਜ਼ ਵੀ ਚੁਣਿਆ ਗਿਆ। ਮੈਚ 'ਚ ਗੁਪਟਿਲ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿੰਦੇ ਹੋਏ ਸੈਂਕੜੇ ਵਾਲੀ ਪਾਰੀ ਖੇਡੀ ਅਤੇ ਤੀਜੇ ਵਿਕਟ ਦੇ ਲਈ ਰਾਸ ਟੇਲਰ ਦੇ ਨਾਲ 112 ਦੌੜਾਂ ਦੀ ਸਾਂਝੇਦਾਰੀ ਕਰਕੇ ਨਿਊਜ਼ੀਲੈਂਡ ਨੂੰ 271 ਦੇ ਮਜ਼ਬੂਤ ਸਕੋਰ ਤੱਕ ਪਹੁੰਚਾਇਆ।

ਮੱਧਕ੍ਰਮ ਦੇ ਬੱਲੇਬਾਜ਼ ਟੇਲਰ ਨੇ 59 ਦੌੜਾਂ ਬਣਾਈਆਂ। ਕਾਲਿਨ ਮੁਨਰੋ ਨੇ 34 ਦੌੜਾਂ ਦਾ ਯੋਗਦਾਨ ਦਿੱਤਾ ਜਦਕਿ ਕਾਲਿਨ ਡੀ ਗ੍ਰੈਂਡਹੋਮੇ 29 ਦੌੜਾਂ 'ਤੇ ਅਜੇਤੂ ਰਹੇ। ਪਾਕਿਸਤਾਨ ਵੱਲੋਂ ਰੂਮਨ ਰਈਸ ਤਿੰਨ ਵਿਕਟ ਲੈ ਕੇ ਸਭ ਤੋਂ ਸਫਲ ਗੇਂਦਬਾਜ਼ ਰਹੇ ਜਦਕਿ ਫਹੀਮ ਅਸ਼ਰਫ ਨੂੰ ਦੋ 2 ਵਿਕਟ ਮਿਲੇ। ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਨੇ ਆਖਰੀ ਮੈਚ 'ਚ ਸਨਮਾਨ ਬਚਾਉਣ ਦੇ ਲਈ ਕਝ ਸੰਘਰਸ਼ ਕੀਤਾ ਪਰ ਉਹ ਉਹ ਕਾਫੀ ਨਹੀਂ ਰਿਹਾ ਅਤੇ ਉਹ ਜਿੱਤ ਤੋਂ 15 ਦੌੜਾਂ 'ਤੇ ਸਿਮਟ ਗਈ।