ਨਿਊਜ਼ੀਲੈਂਡ ਨੇ ਪਹਿਲੇ ਟੀ20 ’ਚ ਬੰਗਲਾਦੇਸ਼ ਨੂੰ 66 ਦੌੜਾਂ ਨਾਲ ਹਰਾਇਆ

03/28/2021 8:07:49 PM

ਹੈਮਿਲਟਨ– ਡੇਵੋਨ ਕਾਨਵੇ ਦੀ ਅਜੇਤੂ 92 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਨਿਊਜ਼ੀਲੈਂਡ ਨੇ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਬੰਗਲਾਦੇਸ਼ ’ਤੇ 66 ਦੌੜਾਂ ਨਾਲ ਜਿੱਤ ਦਰਜ ਕੀਤੀ। ਕਾਨਵੇ ਨੇ 52 ਗੇਂਦਾਂ ਵਿਚ ਇਹ ਪਾਰੀ ਖੇਡੀ, ਜਿਸ ਵਿਚ ਵਿਲ ਯੰਗ ਦੇ ਨਾਲ ਤੀਜੀ ਵਿਕਟ ਲਈ ਉਸ ਨੇ 105 ਦੌੜਾਂ ਦੀ ਸਾਂਝੇਦਾਰੀ ਵੀ ਨਿਭਾਈ। ਯੰਗ ਨੇ 28 ਗੇਂਦਾਂ ਵਿਚ ਅਰਧ ਸੈਂਕੜਾ ਲਾ ਕੇ ਆਪਣਾ ਟੀ-20 ਕੌਮਾਂਤਰੀ ਡੈਬਿਊ ਕੀਤਾ।

ਇਹ ਖ਼ਬਰ ਪੜ੍ਹੋ- ਬੰਗਲਾਦੇਸ਼ ਬੋਰਡ ਮੁਸਤਾਫਿਜ਼ੁਰ ਨੂੰ IPL ’ਚ ਖੇਡਣ ਲਈ ਦੇਵੇਗਾ NOC


ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਇਸ ਜੋੜੀ ਨੇ ਨਿਊਜ਼ੀਲੈਂਡ ਨੂੰ 3 ਵਿਕਟਾਂ ’ਤੇ 210 ਦੌੜਾਂ ਬਣਾਉਣ ਵਿਚ ਮਦਦ ਕੀਤੀ। ਇਸ ਤੋਂ ਬਾਅਦ ਉਸ ਦੇ ਲੈੱਗ ਸਪਿਨਰ ਈਸ਼ ਸੋਢੀ ਨੇ 8 ਗੇਂਦਾਂ ਦੇ ਅੰਦਰ 4 ਵਿਕਟਾਂ (3 ਬੋਲਡ) ਲੈ ਕੇ ਬੰਗਲਾਦੇਸ਼ ਨੂੰ ਜਵਾਬ ਵਿਚ 8 ਵਿਕਟਾਂ ’ਤੇ ਸਿਰਫ 144 ਦੌੜਾਂ ਹੀ ਬਣਾਉਣ ਦਿੱਤੀਆਂ।


ਕਾਨਵੇ ਨੇ ਆਪਣੇ 12ਵੇਂ ਮੈਚ ਵਿਚ ਚੌਥਾ ਟੀ-20 ਕੌਮਾਂਤਰੀ ਅਰਧ ਸੈਂਕੜਾ ਲਾਇਆ। ਉਸ ਨੇ ਸ਼ੁੱਕਰਵਾਰ ਨੂੰ ਬੰਗਲਾਦੇਸ਼ ਵਿਰੁੱਧ ਤੀਜੇ ਵਨ ਡੇ ਕੌਮਾਂਤਰੀ ਮੈਚ ਵਿਚ 126 ਦੌੜਾਂ ਦੀ ਪਾਰੀ ਖੇਡੀ ਸੀ, ਜਿਸ ਵਿਚ ਨਿਊਜ਼ੀਲੈਂਡ ਨੇ ਲੜੀ 3-0 ਨਾਲ ਆਪਣੇ ਨਾਂ ਕੀਤੀ ਸੀ।
ਦੱਖਣੀ ਅਫਰੀਕਾ ਵਿਚ ਜਨਮੇ ਇਸ ਬੱਲੇਬਾਜ਼ ਨੇ ਫਰਵਰੀ ਵਿਚ ਆਸਟਰੇਲੀਆ ਵਿਰੁੱਧ ਟੀ-20 ਕੌਮਾਂਤਰੀ ਵਿਚ ਅਜੇਤੂ 99 ਦੌੜਾਂ ਬਣਾਈਆਂ ਸਨ ਤੇ ਬੰਗਲਾਦੇਸ਼ ਵਿਰੁੱਧ ਦੂਜੇ ਵਨ ਡੇ ਵਿਚ 72 ਦੌੜਾਂ ਦੀ ਪਾਰੀ ਖੇਡੀ ਸੀ। ਉਥੇ ਹੀ ਡੈਬਿਊ ਕਰਨ ਵਾਲਾ 21 ਸਾਲਾ ਫਿਨ ਐਲਨ ਸਿਰਫ ਇਕ ਗੇਂਦ ਹੀ ਖੇਡ ਸਕਿਆ ਤੇ ਬੋਲਡ ਹੋ ਗਿਅਾ। ਫਿਰ ਕਾਨਵੇ ਨੇ ਮਾਰਟਿਨ ਗੁਪਟਿਲ ਦੇ ਨਾਲ 52 ਦੌੜਾਂ ਦੀ ਸਾਂਝੇਦਾਰੀ ਨਿਭਾਈ। ਗੁਪਟਿਲ ਨੇ 72 ਗੇਂਦਾਂ ਵਿਚ 3 ਚੌਕੇ ਤੇ 2 ਛੱਕਿਆਂ ਨਾਲ 35 ਦੌੜਾਂ ਬਣਾਈਆਂ। ਫਿਰ ਕਾਨਵੇ ਨੇ ਯੰਗ ਦੇ ਨਾਲ ਸਾਂਝੇਦਾਰੀ ਨਿਭਾਈ। ਯੰਗ ਨੇ 28 ਗੇਂਦਾਂ ਵਿਚ 2 ਚੌਕੇ ਤੇ 4 ਛੱਕਿਆਂ ਨਾਲ 50 ਦੌੜਾਂ ਪੂਰੀਆਂ ਕੀਤੀਆਂ ਪਰ 17ਵੇਂ ਓਵਰ ਵਿਚ 53 ਦੌੜਾਂ ’ਤੇ ਆਊਟ ਹੋ ਗਿਆ। ਕਾਨਵੇ ਨੇ ਫਿਰ ਚੌਥੀ ਵਿਕਟ ਲਈ ਗਲੇਨ ਫਿਲਿਪਸ (ਅਜੇਤੂ 24) ਦੇ ਨਾਲ ਚੌਥੀ ਵਿਕਟ ਲਈ ਅਜੇਤੂ 52 ਦੌੜਾਂ ਜੋੜੀਆਂ।


ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਨੇ ਲਿਟਨ ਦਾਸ ਦੀ ਵਿਕਟ ਤੀਜੇ ਓਵਰ ਵਿਚ ਹੀ ਗੁਆ ਦਿੱਤੀ, ਜਿਸ ਨੂੰ ਕਾਰਜਕਾਰੀ ਕਪਤਾਨ ਟਿਮ ਸਾਊਥੀ ਨੇ ਆਊਟ ਕੀਤਾ। ਤੇਜ਼ ਗੇਂਦਬਾਜ਼ ਲਾਕੀ ਫਰਗਿਊਸਨ ਨੇ ਫਿਰ ਮੁਹੰਮਦ ਨਈਮ ਸ਼ੇਖ (27) ਨੂੰ ਐੱਲ. ਬੀ. ਡਬਲਯੂ. ਕੀਤਾ, ਜਿਸ ਨਾਲ ਬੰਗਲਾਦੇਸ਼ ਦਾ ਸਕੋਰ 2 ਵਿਕਟਾਂ ’ਤੇ 39 ਦੌੜਾਂ ਹੋ ਗਿਆ। ਸੋਢੀ ਨੇ ਫਿਰ ਸੌਮਿਆ ਸਰਕਾਰ, ਮੁਹੰਮਦ ਮਿਥੁਨ, ਮਹਿਮੂਦਉੱਲ੍ਹਾ ਤੇ ਮੇਹਦੀ ਹਸਨ ਦੀਆਂ 8 ਗੇਂਦਾਂ ਵਿਚ ਚਾਰ ਵਿਕਟਾਂ ਲਈਆਂ। ਬੰਗਲਾਦੇਸ਼ੀ ਕਪਤਾਨ ਮਹਿਮੂਦਉੱਲ੍ਹਾ ਤੇ ਮੇਹਦੀ ਲਗਾਤਾਰ ਗੇਂਦਾਂ ’ਤੇ ਆਊਟ ਹੋਏ। ਬੰਗਲਾਦੇਸ਼ ਦਾ ਸਕੋਰ 6 ਵਿਕਟਾਂ ’ਤੇ 59 ਦੌੜਾਂ ਹੋ ਗਿਆ। ਅਫੀਕ ਹੁਸੈਨ (45) ਤੇ ਮੁਹੰਮਦ ਸ਼ੈਫੂਦੀਨ ਨੇ 7ਵੀਂ ਵਿਕਟ ਲਈ 63 ਦੌੜਾਂ ਜੋੜੀਆਂ। ਸ਼ੈਫੂਦੀਨ 34 ਦੌੜਾਂ ਬਣਾ ਕੇ ਅਜੇਤੂ ਰਿਹਾ।       

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh