18 ਸਾਲ ਲੰਬੇ ਕਰੀਅਰ ਤੋਂ ਬਾਅਦ ਨਿਊਜ਼ੀਲੈਂਡ ਦੇ ਇਸ ਆਲਰਾਊਂਡਰ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ

03/19/2020 3:44:26 PM

ਸਪੋਰਟਸ ਡੈਸਕ— ਨਿਊਜ਼ੀਲੈਂਡ ਦੇ ਆਲਰਾਊਂਡਰ ਐਂਡ੍ਰੀਯੂ ਐਲਿਸ ਨੇ 38 ਸਾਲ ਦੀ ਉਮਰ ’ਚ 18 ਸਾਲ ਲੰਬੇ ਕਰੀਅਰ ਤੋਂ ਬਾਅਦ ਕੈਂਟਰਬਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। 2002-03 ’ਚ ਫਰਸਟ ਕਲਾਸ ਕੈਰੀਅਰ ਸ਼ੁਰੂ ਕਰਨ ਵਾਲੇ ਐਲਿਸ ਨੇ ਨਿਊਜ਼ੀਲੈਂਡ ਵੱਲੋਂ 15 ਵਨ-ਡੇ ਅਤੇ 5 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਨ੍ਹਾਂ ਨੇ ਆਪਣਾ ਵਨ-ਡੇ ਅਤੇ ਟੀ-20 ਅੰਤਰਰਾਸ਼ਟਰੀ ਡੈਬਿਊ 2012 ’ਚ ਜ਼ਿੰਬਾਬਵੇ ਦੇ ਖਿਲਾਫ ਕੀਤਾ ਸੀ ਅਤੇ ਆਖਰੀ ਵਨ ਡੇ ਅਤੇ ਟੀ-20 ਅੰਤਰਰਾਸ਼ਟਰੀ 2013 ’ਚ ਨਿਊਜ਼ੀਲੈਂਡ ਦੇ ਸ਼੍ਰੀਲੰਕਾ ਦੌਰੇ ’ਤੇ ਖੇਡਿਆ ਸੀ। ਐਲਿਸ ਨੇ 15 ਵਨ-ਡੇ ’ਚ 12 ਅਤੇ 5 ਟੀ-20 ਅੰਤਰਰਾਸ਼ਟਰੀ ’ਚ 2 ਵਿਕਟਾਂ ਲਈਆਂ ਹਨ। ਟੀ-20 ਕ੍ਰਿਕਟ ’ਚ ਐਲਿਸ ਨੇ 131 ਵਿਕਟਾਂ ਲਈਆਂ , ਜਿਨਾਂ ’ਚ ਉਨ੍ਹਾਂ ਨੇ ਤਿੰਨ ਵਾਰ ਪਾਰੀ ’ਚ ਪੰਜ ਅਤੇ ਦੋ ਵਾਰ ਚਾਰ ਵਿਕਟਾਂ ਵੀ ਲਈਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਅਰਧ ਸੈਂਕੜੇ ਦੀ ਮਦਦ ਨਾਲ 1258 ਦੌੜਾਂ ਵੀ ਬਣਾਈਆਂ।

18 ਸਾਲ ਲੰਬੇ ਕ੍ਰਿਕਟ ਕਰੀਅਰ ’ਚ ਐਲਿਸ ਨੇ 106 ਫਰਸਟ ਕਲਾਸ, 133 ਲਿਸਟ-ਏ ਅਤੇ 127 ਟੀ-20 ਖੇਡੇ। ਨਿਊਜ਼ੀਲੈਂਡ ਦੇ ਘਰੇਲੂ ਕ੍ਰਿਕਟ ’ਚ ਐਲਿਸ ਨੇ ਕੈਂਟਰਬਰੀ ਦੀ ਟੀਮ ਦਾ ਤਰਜਮਾਨੀ ਕੀਤੀ। ਐਲਿਸ ਨੇ ਆਪਣੇ ਫਰਸਟ ਕਲਾਸ ਕਰੀਅਰ ’ਚ 249 ਵਿਕਟ ਲੈਣ ਤੋਂ ਇਲਾਵਾ 9 ਸੈਂਕੜਿਆਂ ਦੀ ਮਦਦ ਨਾਲ 5221 ਦੌੜਾਂ ਵੀ ਬਣਾਈਆਂ। ਉਨ੍ਹਾਂ ਨੇ ਆਪਣਾ ਆਖਰੀ ਫਰਸਟ ਕਲਾਸ ਮੁਕਾਬਲਾ 2018 ’ਚ ਓਟਾਗੋ ਖਿਲਾਫ ਖੇਡਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਨਿਊਜ਼ੀਲੈਂਡ-ਏ ਵੱਲੋਂ ਵੀ ਮੁਕਾਬਲੇ ਖੇਡੇ। 

ਲਿਸਟ-ਏ ਕ੍ਰਿਕਟ ’ਚ ਐਲਿਸ ਨੇ 154 ਵਿਕਟਾਂ ਲੈਣ ਤੋਂ ਇਲਾਵਾ ਇਕ ਸੈਂਕੜੇ ਦੀ ਮਦਦ ਨਾਲ 2708 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣਾ ਆਖਰੀ ਲਿਸਟ-ਏ ਮੁਕਾਬਲਾ ਫਰਵਰੀ 2020 ’ਚ ਓਟਾਗੋ ਦੇ ਖਿਲਾਫ ਹੀ ਖੇਡਿਆ ਅਤੇ ਇਹ ਉਨ੍ਹਾਂ ਦੇ ਕਰੀਅਰ ਦਾ ਵੀ ਆਖਰੀ ਮੈਚ ਰਿਹਾ। 5 ਵਾਰ ਦੀ ਪਲੰਕੇਟ ਸ਼ੀਲਡ ਚੈਂਪੀਅਨ ਐਲਿਸ ਨੇ ਕੈਂਟਰਬਰੀ ਲਈ ਆਪਣਾ ਕੈਰੀਅਰ ਤਿੰਨੋਂ ਫਾਰਮੈਟਾਂ ਵਿਚ 8,644 ਦੌੜਾਂ ਅਤੇ 494 ਵਿਕਟਾਂ ਨਾਲ ਖਤਮ ਕੀਤਾ। 

Davinder Singh

This news is Content Editor Davinder Singh