ਸ਼ਿਵ ਥਾਪਾ ਨੂੰ ਕਦੇ ਟਾਪ ਯੋਜਨਾ ਤੋਂ ਹਟਾਉਣ ਦੀ ਮੰਗ ਨਹੀਂ ਕੀਤੀ : ਮੈਰੀਕਾਮ

07/24/2017 3:47:00 AM

ਨਵੀਂ ਦਿੱਲੀ— ਓਲੰਪਿਕ ਕਾਂਸੀ ਤਮਗਾ ਜੇਤੂ ਤੇ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਨੇ ਅੱਜ ਇਨ੍ਹਾਂ ਖਬਰਾਂ ਨੂੰ ਰੱਦ ਕੀਤਾ ਕਿ ਇਥੇ ਰਾਸ਼ਟਰੀ ਆਬਜ਼ਰਵਰਾਂ ਦੀ ਮੀਟਿੰਗ ਦੌਰਾਨ ਉਸ ਨੇ ਚੋਟੀ ਦੇ ਪੁਰਸ਼ ਮੁੱਕੇਬਾਜ਼ ਸ਼ਿਵ ਥਾਪਾ ਨੂੰ ਟਾਰਗੈੱਟ ਓਲੰਪਿਕ ਪੋਡੀਅਮ (ਟਾਪ) ਤੋਂ ਹਟਾਉਣ ਦੀ ਮੰਗ ਕੀਤੀ ਸੀ।
ਮੈਰੀਕਾਮ ਨੇ ਬਿਆਨ ਜਾਰੀ ਕਰ ਕੇ ਸ਼ੁੱਕਰਵਾਰ ਹੋਈ ਮੀਟਿੰਗ 'ਚ ਅਜਿਹੀ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ। ਮੈਰੀਕਾਮ ਨੇ ਬਿਆਨ 'ਚ ਕਿਹਾ ਕਿ ਖਬਰਾਂ ਵਿਚ ਕਿਹਾ ਗਿਆ ਹੈ ਕਿ ਮੈਂ ਕਿਹਾ ਕਿ ਸ਼ਿਵ ਥਾਪਾ ਦਾ ਕਰੀਅਰ ਖਤਮ ਹੋ ਗਿਆ ਹੈ ਤੇ ਉਹ ਟੋਕੀਓ 2020 ਓਲੰਪਿਕ 'ਚ ਕੁਝ ਨਹੀਂ ਕਰ ਸਕੇਗਾ। ਇਹ ਪੂਰੀ ਤਰ੍ਹਾਂ ਨਾਲ ਮਨਘੜਤ ਹਨ।
ਉਸ ਨੇ ਕਿਹਾ ਕਿ ਮੈਂ ਦੱਸ ਦੇਵਾਂ ਕਿ ਮੈਂ ਅਜਿਹਾ ਕੁਝ ਨਹੀਂ ਕਿਹਾ ਕਿ ਸ਼ਿਵ ਦਾ ਕਰੀਅਰ ਖਤਮ ਹੋ ਗਿਆ ਹੈ ਤੇ ਉਸ ਨੂੰ ਟਾਪ ਯੋਜਨਾ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ। ਗਲਤ ਬਿਆਨਾਂ ਦਾ ਇਸਤੇਮਾਲ ਕਰ ਕੇ ਸਖਤ ਮਿਹਨਤ ਕਰਨ ਵਾਲੇ ਮੁੱਕੇਬਾਜ਼ ਦੇ ਵੱਕਾਰ ਨਾਲ ਖਿਲਵਾੜ ਮੈਨੂੰ ਮਨਜ਼ੂਰ ਨਹੀਂ ਹੈ।