ਨੈਪੋਮਨਿਆਚੀ ਤੇ ਗੋਰਯਾਚਕਿਨਾ ਨੇ ਜਿੱਤੀ ਰੂਸ ਸ਼ਤਰੰਜ ਚੈਂਪੀਅਨਸ਼ਿਪ

12/19/2020 1:45:03 AM

ਮਾਸਕੋ (ਰੂਸ) (ਨਿਕਲੇਸ਼ ਜੈਨ)– ਦੁਨੀਆ ਦੀ ਨੰਬਰ ਇਕ ਰੈਂਕ ਟੀਮ ਰੂਸ ਲਈ ਉਸਦੀ ਰਾਸ਼ਟਰੀ ਚੈਂਪੀਅਨਸ਼ਿਪ ਵੀ ਆਪਣੇ ਆਪ ਵਿਚ ਇਕ ਸੁਪਰ ਗ੍ਰੈਂਡਮਾਸਟਰ ਟੂਰਨਾਮੈਂਟ ਹੁੰਦਾ ਹੈ ਤੇ ਕੋਰੋਨਾ ਦੇ ਆਉਣ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਆਨ ਦਿ ਬੋਰਡ ਸ਼ਤਰੰਜ ਦੀ ਵਾਪਸੀ ਰੂਸ ਦੀ ਰਾਸ਼ਟਰੀ ਚੈਂਪੀਅਨਸ਼ਿਪ ਰਾਹੀਂ ਹੋਈ। ਪੁਰਸ਼ ਵਰਗ ਵਿਚ ਵਿਸ਼ਵ ਨੰਬਰ-4 ਗ੍ਰੈਂਡ ਮਾਸਟਰ ਇਯਾਨ ਨੈਪੋਮਨਿਆਚੀ ਤੇ ਮਹਿਲਾ ਵਰਗ ਵਿਚ ਵਿਸ਼ਵ ਨੰਬਰ-3 ਅਲੈਗਸਾਂਦ੍ਰਾ ਗੋਰਯਾਚਕਿਨਾ ਨੇ ਖਿਤਾਬ ਆਪਣੇ ਨਾਂ ਕੀਤਾ।
ਪੁਰਸ਼ ਵਰਗ ਵਿਚ 11 ਰਾਊਂਡ ਖੇਡ ਕੇ 7.5 ਅੰਕ ਬਣਾ ਕੇ ਇਯਾਨ ਨੈਪੋਮਨਿਆਚੀ ਪਹਿਲੇ ਸਥਾਨ ’ਤੇ ਰਿਹਾ ਜਦਕਿ ਸਾਬਕਾ ਵਿਸ਼ਵ ਚੈਂਪੀਅਨਸ਼ਿਪ ਚੈਲੰਜਰ ਸੇਰਗੀ ਕਾਰਯਾਕਿਨ 7 ਅੰਕ ਬਣਾ ਕੇ ਦੂਜੇ ਸਥਾਨ ’ਤੇ ਰਿਹਾ। ਹੋਰਨਾਂ ਖਿਡਾਰੀਆਂ ਵਿਚ 6.5 ਅੰਕ ਬਣਾ ਕੇ ਵਲਾਦੀਮਿਰ ਫੇਡੋਸੀਵ ਤੀਜੇ ਤੇ ਸਾਬਕਾ ਵਿਸ਼ਵ ਰੈਪਿਡ ਚੈਂਪੀਅਨ ਡੇਨੀਅਲ ਡੂਬੋਵ ਚੌਥੇ ਸਥਾਨ ’ਤੇ ਰਿਹਾ। 6 ਅੰਕ ਬਣਾ ਕੇ ਵਲਾਦਿਸਲਾਵ ਪੰਜਵੇਂ ਤੇ ਮੈਕਸਿਮ ਛੇਵੇਂ ਸਥਾਨ ’ਤੇ ਰਿਹਾ।
ਮਹਿਲਾ ਵਰਗ ਦੀ ਗੱਲ ਕੀਤੀ ਜਾਵੇ ਤਾਂ ਅਲੈਗਸਾਂਦ੍ਰਾ ਗੋਰਯਾਚਕਿਨਾ ਨੇ ਟਾਈਬ੍ਰੇਕ ’ਚ ਪਹਿਲਾ ਸਥਾਨ ਹਾਸਲ ਕੀਤਾ ਪਰ ਉਸ ਨੂੰ ਵਿਸ਼ਵ ਜੂਨੀਅਰ ਚੈਂਪੀਅਨ ਪੋਲਿਨਾ ਸ਼ੁਵਲੋਵਾ ਨੇ ਜ਼ੋਰਦਾਰ ਟੱਕਰ ਦਿੱਤੀ। ਦੋਵਾਂ ਨੇ 11 ਰਾਊਂਡਾਂ ਵਿਚ 8 ਅੰਕ ਬਣਾਏ ਪਰ ਬਿਹਤਰ ਟਾਈਬ੍ਰੇਕ ਦੇ ਆਧਾਰ ’ਤੇ ਗੋਰਯਾਚਿਕਨਾ ਜੇਤੂ ਰਹੀ ਜਦਕਿ ਪੋਲਿਨਾ ਨੂੰ ਦੂਜੇ ਸਥਾਨ ਨਾਲ ਸਬਰ ਕਰਨਾ ਪਿਆ। ਸਾਬਕਾ ਵਿਸ਼ਵ ਚੈਂਪੀਅਨ ਅਲੈਗਸਾਂਦ੍ਰਾ ਕੋਸਟੇਨਿਯੁਕ 6.5 ਅੰਕ ਬਣਾ ਕੇ ਤੀਜੇ, ਮਰੀਨਾ ਗੁਸੇਵਾ ਚੌਥੇ, ਅਲਿਨਾ ਕਾਸ਼ਲਿਨਸਕਯਾ ਪੰਜਵੇਂ ਤੇ ਲੇਯਾ ਗੁਰਿਫੁਲਿਨਾ ਛੇਵੇਂ ਸਥਾਨ ’ਤੇ ਰਹੀ।
 
ਨੋਟ-
ਨੈਪੋਮਨਿਆਚੀ ਤੇ ਗੋਰਯਾਚਕਿਨਾ ਨੇ ਜਿੱਤੀ ਰੂਸ ਸ਼ਤਰੰਜ ਚੈਂਪੀਅਨਸ਼ਿਪ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।

Gurdeep Singh

This news is Content Editor Gurdeep Singh