ਟੀ-20 ਤੋਂ ਬਾਅਦ ਵਨ-ਡੇ 'ਚ ਵੀ ਨਵਦੀਪ ਸੈਣੀ ਨੇ ਵਿੰਡੀਜ਼ ਖਿਲਾਫ ਕੀਤਾ ਡੈਬਿਊ

12/22/2019 3:11:53 PM

ਸਪੋਰਟਸ ਡੈਸਕ— ਦਿੱਲੀ ਦੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੂੰ ਵੈਸਟਇੰਡੀਜ਼ ਖਿਲਾਫ ਐਤਵਾਰ ਨੂੰ ਇੱਥੇ ਤੀਜੇ ਅਤੇ ਆਖਰੀ ਵਨ-ਡੇ ਲਈ ਭਾਰਤੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਸੈਣੀ ਵਨ-ਡੇ 'ਚ ਡੈਬਿਊ ਕਰਨ ਵਾਲਾ 229ਵਾਂ ਭਾਰਤੀ ਖਿਡਾਰੀ ਬਣ ਗਿਆ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇਸ ਮੁਕਾਬਲੇ 'ਚ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਦੂਜਾ ਮੈਚ ਜਿੱਤਣ ਵਾਲੀ ਭਾਰਤੀ ਟੀਮ 'ਚ ਇਕ ਬਦਲਾਅ ਕੀਤਾ ਹੈ। ਇਸ ਮੁਕਾਬਲੇ 'ਚ ਜ਼ਖਮੀ ਹੋਏ ਤੇਜ਼ ਗੇਂਦਬਾਜ਼ ਦੀਪਕ ਚਾਹਰ ਦੇ ਸਥਾਨ 'ਤੇ ਤੇਜ਼ ਗੇਂਦਬਾਜ਼ ਨਵਦੀਪ ਸੈਨੀ ਨੂੰ ਪਲੇਇੰਗ ਇਲੈਵਨ 'ਚ ਸ਼ਾਮਲ ਕੀਤਾ ਹੈ। ਵੈਸਟਇੰਡੀਜ਼ ਨੇ ਇਸ ਮੁਕਾਬਲੇ 'ਚ ਬਿਨ੍ਹਾਂ ਕਿਸੇ ਬਦਲਾਅ ਦੇ ਟੀਮ ਉਤਾਰੀ ਹੈ। ਸੈਨੀ ਦਾ ਜਨਮ ਹਰਿਆਣੇ ਦੇ ਕਰਨਾਲ 'ਚ ਹੋਇਆ ਸੀ ਪਰ ਉਹ ਫਰਸਟ ਕਲਾਸ 'ਚ ਦਿੱਲੀ ਦੀ ਟੀਮ ਦੇ ਵੱਲੋਂ ਖੇਡਦਾ ਹੈ।

ਇਸ ਤੋਂ ਪਹਿਲਾਂ ਟੀ20 ਡੈਬਿਊ 'ਚ ਕੀਤਾ ਸੀ ਕਮਾਲ ਦਾ ਪ੍ਰਦਰਸ਼ਨ
ਨਵਦੀਪ ਸੈਨੀ ਨੇ ਇਸ ਤੋਂ ਪਹਿਲਾਂ ਅਗਸਤ ਮਹੀਨੇ 'ਚ ਵੈਸਟਇੰਡੀਜ਼ ਖਿਲਾਫ ਹੀ ਟੀ20 ਡੈਬਿਊ ਕੀਤਾ ਸੀ। ਨਵਦੀਪ ਸੈਣੀ ਨੇ ਆਪਣੇ ਟੀ-20 ਡੈਬਿਊ 'ਚ ਕਮਾਲ ਦੀ ਗੇਂਦਬਾਜ਼ੀ ਕੀਤੀ ਸੀ ਜਿਸ ਦੀ ਉਮੀਦ ਉਨ੍ਹਾਂ ਨੂੰ ਵਨ-ਡੇ 'ਚ ਵੀ ਹੋਵੇਗੀ। ਦਿੱਲੀ ਦੇ ਇਸ ਤੇਜ਼ ਗੇਂਦਬਾਜ਼ ਨੇ ਟੀ-20 ਡੈਬਿਊ ਮੈਚ 'ਚ ਆਪਣੀ ਸ਼ਾਨਦਾਰ ਗੇਂਦਬਾਜੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਉਸ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਟੀਮ ਵਲੋਂ ਸਭ ਤੋਂ ਜ਼ਿਆਦਾ 3 ਵਿਕਟਾਂ ਹਾਸਲ ਕੀਤੀਆਂ ਸਨ। ਸੈਣੀ ਨੇ 4 ਓਵਰਾਂ 'ਚ ਇਕ ਓਵਰ ਮੇਡਨ ਸੁੱਟਿਆ ਅਤੇ ਸਿਰਫ 17 ਦੌੜਾਂ ਦਿੱਤੀਆਂ। ਟੀ-20 ਕ੍ਰਿਕਟ 'ਚ ਪਾਰੀ ਦਾ ਆਖਰੀ ਓਵਰ ਮੇਡਨ ਸੁੱਟਣ ਵਾਲਾ ਨਵਦੀਪ ਸੈਣੀ ਪਹਿਲਾਂ ਭਾਰਤੀ ਖਿਡਾਰੀ ਹੈ। ਉਹ ਇਕ ਅਜਿਹਾ ਖਿਡਾਰੀ ਹੈ, ਜੋ 150 ਕਿ. ਮੀ. ਪ੍ਰਤੀ. ਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕਰ ਸਕਦਾ ਹੈ। ਉਸ ਨੇ ਭਾਰਤ ਲਈ 5 ਟੀ-20 ਮੈਚ ਖੇਡੇ ਹਨ ਜਿਸ 'ਚ ਉਸ ਨੇ 6 ਵਿਕਟਾਂ ਲਈਆਂ ਹਨ। ਉਸ ਨੇ ਫਰਸਟ ਕਲਾਸ 'ਚ 125, ਲਿਸਟ-ਏ 'ਚ 75 ਅਤੇ ਟੀ-20 'ਚ 36 ਵਿਕਟਾਂ ਲਈਆਂ ਹਨ।ਸਾਲ 2019 'ਚ ਵਨ-ਡੇ 'ਚ ਡੈਬਿਊ ਕਰਨ ਵਾਲੇ 5 ਖਿਡਾਰੀ
ਇਹ 27 ਸਾਲਾ ਖਿਡਾਰੀ ਨਵਦੀਪ ਸੈਨੀ ਸਾਲ 2019 'ਚ ਭਾਰਤ ਲਈ ਵਨ-ਡੇ 'ਚ ਡੈਬਿਊ ਕਰਨ ਵਾਲਾ 5ਵਾਂ ਖਿਡਾਰੀ ਹੈ। ਸੈਨੀ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਆਸਟਰੇਲੀਆ ਦੇ ਖਿਲਾਫ ਐਡੀਲੇਡ 'ਚ, ਵਿਜੇ ਸ਼ੰਕਰ ਨੇ ਆਸਟਰੇਲੀਆ ਖਿਲਾਫ ਮੈਲਬੋਰਨ 'ਚ, ਸ਼ੁਭਮਨ ਗਿਲ ਨੇ ਨਿਊਜ਼ੀਲੈਂਡ ਖਿਲਾਫ ਹੈਮਿਲਟਨ 'ਚ ਅਤੇ ਸ਼ਿਵਮ ਦੁਬੇ ਨੇ ਇਸ ਸੀਰੀਜ਼ 'ਚ ਵੈਸਟਇੰਡੀਜ਼ ਖਿਲਾਫ ਚੇਂਨਈ 'ਚ ਆਪਣਾ ਡੈਬਿਊ ਕੀਤਾ ਸੀ।