ਭਾਰਤ ਦਾ 229ਵਾਂ ਵਨ ਡੇ ਖਿਡਾਰੀ ਬਣਿਆ ਨਵਦੀਪ ਸੈਣੀ

12/22/2019 8:03:41 PM

ਕਟਕ : ਦਿੱਲੀ ਦੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੂੰ ਵੈਸਟਇੰਡੀਜ਼ ਵਿਰੁੱਧ ਐਤਵਾਰ ਨੂੰ ਇੱਥੇ ਤੀਜੇ ਤੇ ਆਖਰੀ ਵਨ ਡੇ ਲਈ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ ਤੇ ਇਸਦੇ ਨਾਲ ਹੀ ਉਹ ਭਾਰਤ ਦਾ 229ਵਾਂ ਵਨ ਡੇ ਖਿਡਾਰੀ ਬਣ ਗਿਆ ਹੈ।  ਭਾਰਤ ਨੇ ਦੂਜਾ ਮੈਚ ਜਿੱਤਣ ਵਾਲੀ ਟੀਮ ਵਿਚ ਇਕ ਬਦਲਾਅ ਕੀਤਾ ਹੈ ਅਤੇ ਜ਼ਖ਼ਮੀ ਤੇਜ਼ ਗੇਂਦਬਾਜ਼ ਦੀਪਕ ਚਾਹਰ ਦੇ ਸਥਾਨ 'ਤੇ ਸੈਣੀ ਨੂੰ ਆਖਰੀ-11 ਵਿਚ ਸ਼ਾਮਲ ਕੀਤਾ ਗਿਆ ਹੈ।

27 ਸਾਲਾ ਸੈਣੀ ਸਾਲ 2019 ਵਿਚ ਭਾਰਤ ਲਈ ਵਨ ਡੇ ਵਿਚ ਡੈਬਿਊ ਕਰਨ ਵਾਲਾ ਪੰਜਵਾਂ ਖਿਡਾਰੀ ਹੈ। ਸੈਣੀ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਆਸਟਰੇਲੀਆ ਵਿਰੁੱਧ ਐਡੀਲੇਡ ਵਿਚ, ਵਿਜੇ ਸ਼ੰਕਰ ਨੇ ਆਸਟਰੇਲੀਆ ਵਿਰੁੱਧ ਮੈਲਬੋਰਨ ਵਿਚ, ਸ਼ੁਭਮਨ ਗਿੱਲ ਨੇ ਨੂਜ਼ੀਲੈਂਡ ਵਿਰੁੱਧ ਹੈਮਿਲਟਨ ਵਿਚ ਅਤੇ ਸ਼ਿਵਮ ਦੂਬੇ ਨੇ ਇਸ ਸੀਰੀਜ਼ ਵਿਚ ਵੈਸਟਇੰਡੀਜ਼ ਵਿਰੁੱਧ ਚੇਨਈ ਵਿਚ ਆਪਣਾ ਡੈਬਿਊ ਕੀਤਾ ਸੀ। ਸੈਣੀ ਦਾ ਜਨਮ ਹਰਿਆਣਾ ਦੇ ਕਰਨਾਲ ਵਿਚ ਹੋਇਆ ਸੀ ਪਰ ਉਹ ਪਹਿਲੀ ਸ਼੍ਰੇਣੀ ਵਿਚ ਦਿੱਲੀ ਵਲੋਂ ਖੇਡਦਾ ਹੈ। ਉਸ ਨੇ ਭਾਰਤ ਲਈ 5 ਟੀ-20 ਮੈਚ ਖੇਡੇ ਹਨ, ਜਿਨ੍ਹਾਂ ਵਿਚ ਉਸ ਨੇ 6 ਵਿਕਟਾਂ ਲਈਆਂ ਹਨ। ਉਸ ਨੇ ਪਹਿਲੀ ਸ਼੍ਰੇਣੀ ਵਿਚ 125, ਲਿਸਟ-ਏ ਵਿਚ 75 ਤੇ ਟੀ-20 ਵਿਚ 36 ਵਿਕਟਾਂ ਲਈਆਂ ਹਨ।