ਬਾਸਕਟਬਾਲ ’ਚ ਪਹਿਲੀ ਵਾਰ ਕੋਈ ਫ਼ੈਨ ਹਾਲ ਆਫ਼ ਫੇਮ ’ਚ, ਭਾਰਤੀ ਮੂਲ ਦੇ ਨਵ ਭਾਟੀਆ ਨੂੰ ਮਿਲਿਆ ਇਹ ਸਨਮਾਨ

05/25/2021 11:44:36 AM

ਸਪੋਰਟਸ ਡੈਸਕ— ਕੈਨੇਡਾ ’ਚ ਰਹਿਣ ਵਾਲੇ ਭਾਰਤੀ ਮੂਲ ਦੇ ਨਵ ਭਾਟੀਆ ਪਹਿਲੇ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐੱਨ. ਬੀ. ਏ.) ਫ਼ੈਨ ਹਨ, ਜਿਨ੍ਹਾਂ ਨੂੰ ਬਾਸਕਟਬਾਲ ਹਾਲ ਆਫ਼ ਫ਼ੇਮ ’ਚ ਸ਼ਾਮਲ ਕੀਤਾ ਗਿਆ ਹੈ। ਉਹ ਪਗੜੀਧਾਰੀ ਸਿੱਖ ਦੇ ਤੌਰ ’ਤੇ ਇੱਥੇ ਜਗ੍ਹਾ ਬਣਾਉਣ ਵਾਲੇ ਇਕਮਾਤਰ ਸ਼ਖ਼ਸ ਹਨ। ਹਾਲ ਆਫ਼ ਫ਼ੇਮ ’ਚ ਕੋਬੇ ਬ੍ਰਾਂਇਟ, ਮਾਈਕਲ ਜਾਰਡਨ , ਵਿਲਟ ਚੇਂਬਰਲੇਨ ਜਿਹੇ ਸਟਾਰਸ ਵਿਚਾਲੇ ਹੁਣ ਨਵ ਭਾਟੀਆ ਦਾ ਨਾਂ ਸ਼ਾਮਲ ਹੋ ਗਿਆ ਹੈ। ਭਾਟੀਆ ਨੇ ਕਿਹਾ ਕਿ ਬਾਸਕਟਬਾਲ ਹਾਲ ਆਫ਼ ਫ਼ੇਮ ’ਚ ਪਹਿਲੇ ਫ਼ੈਨ ਦੇ ਰੂਪ ’ਚ ਸਨਮਾਨਤ ਹੋ ਕੇ ਮੈਂ ਬਹੁਤ ਖ਼ੁਸ਼ ਹਾਂ। ਇਹ ਉਸ ਸਿੱਖ ਲਈ ਸਨਮਾਨ ਦੀ ਗੱਲ ਹੈ, ਜਿਸ ਨੇ 1995 ’ਚ ਟੋਰੰਟੋ ਰੈਪਟਰਸ ਦੇ ਪਹਿਲੇ ਸੀਜ਼ਨ ਦੀਆਂ ਦੋ ਟਿਕਟਾਂ ਖਰੀਦੀਆਂ ਸਨ। ਟੋਰੰਟੋ ਰੈਪਟਰਸ ਟੀਮ ਵੱਲੋਂ 2019 ’ਚ ਐੱਨ. ਬੀ. ਏ. ਫ਼ਾਈਨਲ ਜਿੱਤਣ ਦੇ ਬਾਅਦ ਉਨ੍ਹਾਂ ਨੂੰ ਚੈਂਪੀਅਨਸ਼ਿਪ ’ਚ ਸਨਮਾਨਤ ਕੀਤਾ ਗਿਆ।

ਇਹ ਵੀ ਪਡ਼੍ਹੋ : ਨੌਕਰੀ ਲਈ ਅੱਡੀਆਂ ਘਸਾ ਰਿਹੈ ਭਾਰਤੀ ਦਿਵਿਆਂਗ ਕ੍ਰਿਕਟ ਟੀਮ ਦਾ ਉਪ ਕਪਤਾਨ

ਵਿਤਕਰੇ ਦਾ ਸਾਹਮਣਾ ਕਰਨ ਦੇ ਬਾਵਜੂਦ ਲੋਕਾਂ ਦੇ ਵਿਚਾਰਾਂ ਨੂੰ ਬਦਲਿਆ
ਭਾਟੀਆ ਨੇ ਕਿਹਾ, ਸਾਲਾਂ ਤੋਂ ਬਾਸਕਟਬਾਲ ਨੇ ਮੈਨੂੰ ਕਈ ਮਤਭੇਦਾਂ ਨੂੰ ਦੂਰ ਕਰਨ ’ਚ ਮਦਦ ਕੀਤੀ ਹੈ। ਸਿੱਖ ਧਰਮ ਦੇ ਇਕ ਅਪ੍ਰਵਾਸੀ ਦੇ ਤੌਰ ’ਤੇ ਮੇਰੀ ਪਗੜੀ ਤੇ ਦਾੜ੍ਹੀ ਕਾਰਨ ਮੈਨੂੰ ਕਈ ਵਿਤਕਰੇ ਵਾਲੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। ਬਾਸਕਟਬਾਲ ਨੇ ਮੈਨੂੰ ਨਾ ਸਿਰਫ਼ ਇਸ ਗੱਲ ’ਤੇ ਭਰੋਸਾ ਕਰਨ ’ਚ ਮਦਦ ਕੀਤੀ ਕਿ ਮੈਂ ਕੌਣ ਹਾਂ ਸਗੋਂ ਇਸ ਨਾਲ ਮੈਨੂੰ ਦੱਖਣੀ ਏਸ਼ੀਆਈ ਲੋਕਾਂ ਦੇ ਪ੍ਰਤੀ ਕਈ ਲੋਕਾਂ ਦੇ ਵਿਚਾਰਾਂ ਨੂੰ ਬਦਲਣ ’ਚ ਸਹਾਇਤਾ ਮਿਲੀ। ਜਦੋਂ ਅਸੀਂ ਖੇਡ ਨੂੰ ਦੇਖਣ ਲਈ ਇਕੱਠਿਆਂ ਬੈਠਦੇ ਹਾਂ, ਆਪਣੀ ਟੀਮ ਦਾ ਉਤਸ਼ਾਹ ਵਧਾਉਂਦੇ ਹਾਂ ਤਾਂ ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਇਕੋ ਜਿਹੇ ਹਾਂ। ਮੈਨੂੰ ਉਮੀਦ ਹੈ ਕਿ ਮੈਂ ਇਸ ਸਨਮਾਨ ਦਾ ਇਸਤੇਮਾਲ ਹੋਰ ਜ਼ਿਆਦਾ ਲੋਕਾਂ ਨੂੰ ਇਕੱਠਿਆਂ ਲਿਆਉਣ ’ਚ ਕਰਾਂਗਾ। 

ਹਾਲ ਆਫ਼ ਫ਼ੇਮ ’ਚ ਨਵ ਦੇ ਲਈ ਪਹਿਲੀ ਵਾਰ ਇਕ ਪਗੜੀ ਨੂੰ ਰਖਿਆ ਗਿਆ ਹੈ, ਉਹ ਵੀ ਉਨ੍ਹਾਂ ਦੀ ਚੈਂਪੀਅਨਸ਼ਿਪ ਰਿੰਗ ਦੀ ਰੇਪਲਿਕਾ ਦੇ ਨਾਲ। ਇਸ ਤੋਂ ਇਲਾਵਾ ਕਸਟਮ ਸੁਪਰ ਫ਼ੈਨ ਸ਼ੂਜ਼, ਇਕ ਸੁਪਰ ਫ਼ੈਨ ਬਾਸਕਟਬਾਲ, ਉਨ੍ਹਾਂ ਦੀ ਮਸਹੂਰ ਕੋਰਟ-ਸਾਈਡ ਸੀਟ ਏ-12 ਤੇ ਅਸਲੀ ਰੈਪਟਰ ਦੀ ਉਹ ਜਰਸੀ, ਜੋ ਉਨ੍ਹਾਂ ਨੂੰ ਐਸੇਆ ਥਾਮਸ ਨੇ 1998 ’ਚ ਦਿੱਤੀ ਸੀ, ਜਿਸ ’ਤੇ ਸੁੁਪਰ ਫ਼ੈਨ ਲਿਖਿਆ ਸੀ, ਇਸ ਨੂੰ ਵੀ ਰਖਿਆ ਗਿਆ ਹੈ। ਉਹ 1984 ’ਚ ਭਾਰਤ ਤੋਂ ਕੈਨੇਡਾ ਆਏ ਸਨ। ਉਹ ਬਾਸਕਟਬਾਲ ਲਈ ਲਗਾਤਾਰ ਕੰਮ ਕਰਦੇ ਰਹੇ। 2018 ’ਚ ਉਨ੍ਹਾਂ ਨੂੰ ਰਾਇਲ ਬੈਂਕ ਆਫ਼ ਕੈਨੇਡਾ ਦੇ ਟਾਪ 25 ਕੈਨੇਡੀਅਨ ਇਮੀਗ੍ਰੇਂਟ ’ਚ ਸ਼ਾਮਲ ਕੀਤਾ ਗਿਆ ਸੀ।

ਇਹ ਵੀ ਪਡ਼੍ਹੋ : ਮਿਕੇਲਸਨ ਨੇ PGA ਚੈਂਪੀਅਨਸ਼ਿਪ ਜਿੱਤੀ, ਸਭ ਤੋਂ ਵਡੇਰੀ ਉਮਰ ਦਾ ਮੇਜਰ ਚੈਂਪੀਅਨ ਬਣਿਆ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ  ਦਿਓ ਜਵਾਬ।

Tarsem Singh

This news is Content Editor Tarsem Singh