ਰਾਸ਼ਟਰੀ ਮਹਿਲਾ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ ਪਹੁੰਚੀ ਰੋਮਾਂਚਕ ਮੋੜ ''ਤੇ

12/06/2017 5:03:00 AM

ਸੂਰਤ— ਭਾਰਤ ਦੀਆਂ ਚੋਟੀ ਦੀਆਂ ਖਿਡਾਰਨਾਂ ਵਿਚਾਲੇ ਚੱਲ ਰਹੀ ਰਾਸ਼ਟਰੀ ਮਹਿਲਾ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ ਅਜਿਹੇ ਰੋਮਾਂਚਕ ਮੋੜ 'ਤੇ ਪਹੁੰਚ ਚੁੱਕੀ ਹੈ, ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ। ਅੰਕ ਸੂਚੀ 'ਚ ਸਭ ਤੋਂ ਪਿੱਛੇ ਚੱਲ ਰਹੀਆਂ ਦੋ ਖਿਡਾਰਨਾਂ ਨੇ ਸਭ ਤੋਂ ਅੱਗੇ ਚੱਲ ਰਹੀਆਂ ਦੋ ਖਿਡਾਰਨਾਂ ਨੂੰ ਝਟਕਾ ਦਿੰਦਿਆਂ ਕੁਝ ਅਜਿਹੇ ਹਾਲਾਤ ਬਣਾ ਦਿੱਤੇ ਹਨ ਕਿ ਹੁਣ ਕੱਲ ਆਖਰੀ ਫੈਸਲਾਕੁੰਨ ਮੁਕਾਬਲੇ ਤੋਂ ਪਹਿਲਾਂ ਇਹ ਕਹਿਣਾ ਹੀ ਸਹੀ ਹੋਵੇਗਾ ਕਿ ਕੁਝ ਵੀ ਸੰਭਵ ਹੈ। 
ਸਭ ਤੋਂ ਪਹਿਲਾਂ ਅੱਜ ਨਜ਼ਰ ਮਾਰਦੇ ਹਾਂ ਅੱਜ ਦੇ ਮੈਚ 'ਤੇ, ਜਿਥੇ ਨਿਸ਼ਚਿਤ ਤੌਰ 'ਤੇ ਅੱਗੇ ਚੱਲ ਰਹੀਆਂ ਖਿਡਾਰਨਾਂ ਦਬਾਅ ਦਾ ਸਾਹਮਣਾ ਨਹੀਂ ਕਰ ਸਕੀਆਂ ਤੇ ਲਗਾਤਾਰ ਗਲਤੀਆਂ ਕਰਦੀਆਂ ਗਈਆਂ। ਸਭ ਤੋਂ ਪਹਿਲਾਂ ਗੱਲ ਸਿੰਗਲ ਬੜ੍ਹਤ 'ਤੇ ਖੇਡ ਰਹੀ ਏਅਰ ਇੰਡੀਆ ਦੀ ਮੀਨਾਕਸ਼ੀ ਸੁਬਾਰਮਨ ਦੀ ਹੈ, ਜਿਹੜੀ ਅੰਕ ਸੂਚੀ 'ਚ ਹੇਠਾਂ ਸਭ ਤੋਂ ਪਿੱਛੇ ਦੂਜੇ ਸਥਾਨ 'ਤੇ ਚੱਲ ਰਹੀ ਹੈ ਤੇ ਲਗਾਤਾਰ 4 ਮੈਚ ਹਾਰ ਚੁੱਕੀ ਐੱਲ. ਆਈ. ਸੀ. ਦੀ ਕਿਰਨ ਮੀਨਾਕਸ਼ੀ ਮੋਹੰਤੀ ਨਾਲ ਮੁਕਾਬਲਾ ਖੇਡ ਰਹੀ ਸੀ ਤੇ ਜਿੱਤਣ 'ਤੇ ਉਸ ਦਾ ਖਿਤਾਬ ਤੈਅ ਸੀ ਪਰ ਠੀਕ ਇਸ ਦੇ ਉਲਟ ਕਿਰਨ ਨੇ ਮੀਨਾਕਸ਼ੀ ਨੂੰ ਹਰਾਉਂਦਿਆਂ ਉਸ ਦਾ ਖਿਤਾਬ ਜਿੱਤਣ ਦਾ ਰਸਤਾ ਮੁਸ਼ਕਿਲ ਕਰ ਦਿੱਤਾ। 
ਦੂਜੇ ਬੋਰਡ 'ਤੇ ਤਾਮਿਲਨਾਡੂ ਦੀ ਪੀ. ਵੀ. ਨੰਧਿਧਾ ਦਾ ਮੁਕਾਬਲਾ ਆਖਰੀ ਸਥਾਨ 'ਤੇ ਚੱਲ ਰਹੀ ਤੇ 9 'ਚੋਂ 1 ਵੀ ਜਿੱਤ ਦਰਜ ਨਾ ਕਰ ਸਕਣ ਵਾਲੀ ਮਹਾਰਾਸ਼ਟਰ ਦੀ ਸ਼੍ਰਸ਼ਠੀ ਪਾਂਡੇ ਨਾਲ ਸੀ ਤੇ ਇਸ ਮੁਕਾਬਲੇ 'ਚ ਨੰਧਿਧਾ ਨੇ ਸ਼ੁਰੂਆਤ ਤੋਂ ਹੀ ਬੜ੍ਹਤ ਬਣਾਉਂਦਿਆਂ ਜਿੱਤ ਵੱਲ ਕਦਮ ਵਧਾ ਲਏ ਤੇ ਉਦੋਂ ਸਮੇਂ ਦੀ ਕਮੀ ਕਾਰਨ ਉਸ ਨੇ ਲਗਾਤਾਰ ਗਲਤੀਆਂ ਕੀਤੀਆਂ ਤੇ ਹੈਰਾਨੀਜਨਕ ਢੰਗ ਨਾਲ ਉਹ ਮੈਚ ਹਾਰ ਗਈ। 
ਹੋਰਨਾਂ ਮੁਕਾਬਲਿਆਂ 'ਚ ਪੀ. ਐੱਸ. ਪੀ. ਬੀ. ਦੀ ਪਦਮਿਨੀ ਰਾਊਤ ਨੇ ਏਅਰ ਇੰਡੀਆ ਦੀ ਭਗਤੀ ਕੁਲਕਰਨੀ ਨਾਲ ਡਰਾਅ ਖੇਡਿਆ, ਜਦਕਿ ਪੀ. ਐੱਸ. ਪੀ. ਬੀ. ਦੀ ਸੌਮਿਆ ਸਵਾਮੀਨਾਥਨ ਨੇ ਮਹਾਰਾਸ਼ਟਰ ਦੀ ਸਾਕਸ਼ੀ ਚਿਤਲਾਂਗੇ ਨੂੰ ਹਰਾਉਂਦਿਆਂ ਆਪਣੀ ਉਮੀਦ ਬਰਕਰਾਰ ਰੱਖੀ। ਪੀ. ਐੱਸ. ਪੀ. ਬੀ. ਦੀ ਮੈਰੀ ਗੋਮਸ ਨੇ ਬੰਗਾਲ ਦੀ ਸਮ੍ਰਿਧਾ ਘੋਸ਼ ਨੂੰ ਹਰਾਇਆ, ਜਦਕਿ ਐੱਲ. ਆਈ. ਸੀ. ਦੀ ਸਵਾਤੀ ਘਾਟੇ ਨੇ ਤਾਮਿਲਨਾਡੂ ਦੀ ਬਾਲਾ ਕਨੱਪਾ ਨਾਲ ਡਰਾਅ ਖੇਡਿਆ। 
ਹੁਣ ਮੀਨਾਕਸ਼ੀ, ਪਦਮਿਨੀ, ਸੌਮਿਆ, ਨੰਧਿਧਾ ਸਾਰਿਆਂ ਦੇ 6.5 ਅੰਕ ਹਨ ਤੇ ਉਹ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਚੱਲ ਰਹੀਆਂ ਹਨ ਤੇ ਇਨ੍ਹਾਂ 'ਚੋਂ ਜੇਤੂ ਕੌਣ ਹੋਵੇਗਾ, ਇਹ ਆਖਰੀ ਰਾਊਂਡ ਤੋਂ ਬਾਅਦ ਹੀ ਪਤਾ ਲੱਗੇਗਾ।