ਨਟਰਾਜ ਨੇ ਜਿੱਤਿਆ 7ਵਾਂ ਸੋਨ ਤਮਗਾ, ਮਹਾਰਾਸ਼ਟਰ ਤਮਗਿਆਂ ਦੀ ਸੂਚੀ ''ਚ ਚੋਟੀ ''ਤੇ

01/16/2019 12:56:34 AM

ਪੁਣੇ — ਕਰਨਾਟਕ ਦੇ ਨੌਜਵਾਨ ਤੈਰਾਕ ਸ੍ਰੀਹਰਿ ਨਟਰਾਜ ਨੇ 'ਖੇਲੋ ਇੰਡੀਆ ਯੂਥ ਗੇਮਜ਼-2019' 'ਚ ਮੰਗਲਵਾਰ ਨੂੰ 2 ਸੋਨ ਤਮਗੇ ਜਿੱਤ ਕੇ ਆਪਣੇ ਤਮਗਿਆਂ ਦੀ ਸੰਖਿਆ 7 ਕਰ ਦਿੱਤੀ, ਜਦਕਿ ਮੇਜ਼ਬਾਨ ਮਹਾਰਾਸ਼ਟਰ ਨੇ ਤਮਗਿਆਂ 'ਚ ਦਬਦਬਾਅ ਬਣਾ ਕੇ ਰੱਖਿਆ। ਮਹਾਰਾਸ਼ਟਰ ਇਨ੍ਹਾਂ ਖੇਡਾਂ 'ਚ ਹੁਣ ਤਕ ਕੁਲ 177 ਤਮਗਿਆਂ ਦੇ ਨਾਲ ਪਹਿਲੇ ਸਥਾਨ 'ਤੇ ਹੈ, ਜਿਸ 'ਚ 64 ਸੋਨ, 51 ਚਾਂਦੀ ਤੇ 62 ਕਾਂਸੀ ਤਮਗੇ ਸ਼ਾਮਲ ਹਨ। ਦਿੱਲੀ ਕੁਲ 121 ਤਮਗਿਆਂ ਦੇ ਨਾਲ ਦੂਜੇ ਸਥਾਨ 'ਤੇ ਹੈ ਤੇ ਉਸਦੇ ਹਿੱਸੇ 47 ਸੋਨ, 31 ਚਾਂਦੀ ਤੇ 43 ਕਾਂਸੀ ਤਮਗੇ ਸ਼ਾਮਲ ਹਨ। ਹਰਿਆਣਾ ਦੇ 110 ਤਮਗੇ ਹਨ, ਜਿਸ 'ਚ 37 ਸੋਨ, 35 ਚਾਂਦੀ ਚੇ 38 ਕਾਂਸੀ ਤਮਗੇ ਸ਼ਾਮਲ ਹਨ।
ਨਟਰਾਜ ਨੇ 50 ਮੀਟਰ ਬੈਕਸਟ੍ਰੋਕ ਤੇ 100 ਮੀਟਰ ਫ੍ਰੀਸਟਾਈਲ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ। ਉਨ੍ਹਾਂ ਨੇ ਅੰਡਰ-21 ਦੇ 50 ਮੀਟਰ ਬੈਕਸਟ੍ਰੋਕ 'ਚ 26.16 ਸੈਂਕਿੰਡ ਦਾ ਸਮਾਂ ਕੱਢਿਆ। ਨਟਰਾਜ ਨੇ ਇਸ ਤੋਂ ਬਾਅਦ 100 ਮੀਟਰ ਫ੍ਰੀਸਟਾਈਲ 'ਚ 52.37 ਸੈਂਕਿੰਡ ਦਾ ਸਮਾਂ ਕੱਢਿਆ ਤੇ ਸੋਨ ਤਮਗਾ ਆਪਣੇ ਨਾਂ ਕੀਤਾ। ਪੰਜਾਬ ਦੇ ਨਿਸ਼ਾਨੇਬਾਜ਼ ਸਰਤਾਜ ਸਿੰਘ ਨੇ ਆਪਣੇ ਨਾਂ ਦੇ ਅਨੁਰੂਪ ਪ੍ਰਦਰਸ਼ਨ ਕਰਦੇ 50 ਮੀਟਰ 3 ਪੋਜੀਸ਼ਨ ਰਾਈਫਲ ਮੁਕਾਬਲੇ ਦਾ ਸੋਨ ਤਮਗਾ ਆਪਣੇ ਨਾਂ ਕੀਤਾ।