ਨਡਾਲ ਤੀਸਰੇ ਦੌਰ ''ਚ, ਪਸੀਨਾ ਵਹਾ ਕੇ ਜਿੱਤੀ ਵੋਜਨਿਆਕੀ

01/18/2018 3:57:52 AM

ਮੈਲਬੋਰਨ— ਵਿਸ਼ਵ ਦੇ ਨੰਬਰ ਇਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਆਪਣੇ ਅਭਿਆਨ ਨੂੰ ਅੱਗੇ ਵਧਾਉਂਦੇ ਹੋਏ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਤੀਸਰੇ ਦੌਰ ਵਿਚ ਪ੍ਰਵੇਸ਼ ਕਰ ਲਿਆ ਹੈ, ਜਦਕਿ ਮਹਿਲਾਵਾਂ ਵਿਚ ਦੂਸਰਾ ਦਰਜਾ ਪ੍ਰਾਪਤ ਕੈਰੋਲੀਨ ਵੋਜਨਿਆਕੀ ਦੂਸਰੇ ਦੌਰ 'ਚ ਪਸੀਨਾ ਵਹਾ ਕੇ ਜਿੱਤੀ।
ਚੋਟੀ ਦਾ ਦਰਜਾ ਪ੍ਰਾਪਤ ਨਡਾਲ ਨੇ ਰਾਡ ਲੇਵਰ ਏਰੇਨਾ ਵਿਚ ਅਰਜਨਟੀਨਾ ਦੇ ਲਿਓਨਾਰਡੋ ਮੇਅਰ ਖਿਲਾਫ 2 ਘੰਟੇ 38 ਮਿੰਟ ਵਿਚ ਲਗਾਤਾਰ ਸੈੱਟਾਂ ਵਿਚ 6-3, 6-4, 7-6 ਨਾਲ ਜਿੱਤ ਦਰਜ ਕਰਦੇ ਹੋਏ ਤੀਸਰੇ ਦੌਰ ਵਿਚ ਪ੍ਰਵੇਸ਼ ਕਰ ਲਿਆ। ਨਡਾਲ ਨੇ ਮੈਚ ਵਿਚ ਇਕ ਡਬਲ ਫਾਲਟ ਕੀਤਾ, ਜਦਕਿ ਮੇਅਰ ਨੂੰ 6 ਡਬਲ ਫਾਲਟ ਕਰਨਾ ਮਹਿੰਗਾ ਪਿਆ। 
ਫਿਟਨੈੱਸ ਦੀਆਂ ਚਿੰਤਾਵਾਂ ਨੂੰ ਪਿੱਛੇ ਛੱਡ ਕੇ ਲੈਅ 'ਚ ਖੇਡ ਰਿਹਾ ਨਡਾਲ ਹੁਣ ਪ੍ਰੀ-ਕੁਆਰਟਰ ਫਾਈਨਲ 'ਚ ਜਗ੍ਹਾ ਬਣਾਉਣ ਲਈ 28ਵੀਂ ਸੀਡ ਬੋਸਨੀਆ ਐਂਡ ਹੇਰਜੇਗੋਵਿਨਾ ਦੇ ਦਾਮਿਰ ਜੁਮੁਰ ਨਾਲ ਭਿੜੇਗਾ, ਜਿਸ ਨੇ ਆਸਟ੍ਰੇਲੀਆ ਦੇ ਜਾਨ ਮਿਲੀਮੈਨ ਨੂੰ 7-5, 3-6, 6-4, 6-1 ਨਾਲ ਹਰਾਇਆ।
ਦਿਨ ਦੇ ਹੋਰ ਮੈਚਾਂ ਵਿਚ ਫਰਾਂਸ ਦੇ ਜੋ ਵਿਲਫ੍ਰੈੱਡ ਸੋਂਗਾ ਦਾ 18 ਸਾਲਾ ਕੈਨੇਡੀਆਈ ਨੌਜਵਾਨ ਡੇਨਿਸ ਸ਼ਾਪੋਵਾਲੋਵ ਖਿਲਾਫ ਦੂਸਰੇ ਦੌਰ ਦਾ 5 ਸੈੱਟਾਂ ਤਕ ਚੱਲਿਆ ਮੈਰਾਥਨ ਮੁਕਾਬਲਾ ਸਭ ਤੋਂ ਰੋਮਾਂਚਕ ਰਿਹਾ। ਇਸ ਵਿਚ 32 ਸਾਲ ਦੇ ਖਿਡਾਰੀ ਨੇ ਆਪਣੇ ਤਜਰਬੇ ਨਾਲ ਅਖੀਰ 3-6, 6-3, 1-6, 7-6, 7-5 ਨਾਲ ਜਿੱਤ ਦਰਜ ਕੀਤੀ।  ਛੇਵੀਂ ਸੀਡ ਮਾਰਿਨ ਸਿਲਿਚ ਨੇ ਪੁਰਤਗਾਲ ਦੇ ਜੋਓ ਸੋਸਾ ਖਿਲਾਫ ਦੂਸਰੇ ਰਾਊਂਡ ਵਿਚ 40 ਵਿਨਰਸ ਅਤੇ 20 ਐਸ ਲਾਉਂਦੇ ਹੋਏ ਲਗਾਤਾਰ ਸੈੱਟਾਂ ਵਿਚ 6-1, 7-5, 6-2 ਨਾਲ ਜਿੱਤ ਦਰਜ ਕੀਤੀ। ਅਗਲੇ ਮੈਚ ਵਿਚ ਉਹ ਅਮਰੀਕਾ ਦੇ ਰੇਆਨ ਹੈਰਿਸ ਖਿਲਾਫ ਉਤਰੇਗਾ, ਜਿਸ ਨੇ 31ਵੀਂ ਸੀਡ ਉਰੂਗਵੇ ਦੇ ਪਾਬਲੋ ਕਿਊਵਾਸ ਖਿਲਾਫ 6-4, 7-6, 6-4 ਨਾਲ ਮੈਚ ਜਿੱਤਿਆ।


2 ਦਿਨ ਪਹਿਲਾਂ ਯੂ. ਐੱਸ. ਓਪਨ ਫਾਈਨਲਿਸਟ ਕੇਵਿਨ ਐਂਡਰਸਨ ਨੂੰ ਹਰਾਉਣ ਵਾਲੇ ਕਾਈ ਐਡਮੰਡ ਨੇ ਡੈਨਿਸ ਇਸਤੋਮਿਨ ਨੂੰ 6-2, 6-2, 6-4 ਨਾਲ ਹਰਾਇਆ। ਮਹਿਲਾ ਸਿੰਗਲਜ਼ ਦੇ ਦੂਸਰੇ ਦੌਰ ਵਿਚ ਵਿਸ਼ਵ ਦੀ ਦੂਸਰੇ ਨੰਬਰ ਦੀ ਖਿਡਾਰਨ ਵੋਜਨਿਆਕੀ ਨੇ 1-5 ਨਾਲ ਫਾਈਨਲ ਸੈੱਟ ਵਿਚ ਪਿਛੜਨ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦੇ ਹੋਏ 2 ਮੈਚ ਅੰਕ ਬਚਾਏ ਅਤੇ ਕ੍ਰੋਏਸ਼ੀਆ ਦੀ ਜਾਨਾ ਫੇਤ ਨੂੰ 3-6, 6-2, 7-5 ਨਾਲ ਹਰਾ ਕੇ ਉਲਟਫੇਰ ਦਾ ਸ਼ਿਕਾਰ ਹੋਣ ਤੋਂ ਬਚ ਗਈ। ਦੂਸਰਾ ਦਰਜਾ ਪ੍ਰਾਪਤ ਡੈੱਨਮਾਰਕ ਦੀ ਖਿਡਾਰਨ ਹੁਣ 30ਵਾਂ ਦਰਜਾ ਪ੍ਰਾਪਤ ਕਿੱਕੀ ਬਟ੍ਰੇਂਸ ਨਾਲ ਭਿੜੇਗੀ, ਜਿਸ ਨੇ ਨਿਕੋਲ ਗਿਬਸ ਨੂੰ 7-6, 6-0 ਨਾਲ ਹਰਾਇਆ।