ਮੁੰਬਈ ਗ੍ਰੈਂਡ ਮਾਸਟਰ ਸ਼ਤਰੰਜ : ਪਰਹਮ ਖਿਤਾਬ ਦੇ ਨੇੜੇ, ਦੀਪਨ 'ਤੇ ਭਾਰਤ ਦੀਆਂ ਨਜ਼ਰਾਂ

01/07/2018 9:51:08 AM

ਮੁੰਬਈ (ਬਿਊਰੋ)— ਆਈ.ਆਈ.ਐੱਫ.ਐੱਲ. ਮੁੰਬਈ ਗ੍ਰੈਂਡ ਮਾਸਟਰ ਸ਼ਤਰੰਜ ਦੇ ਆਖਰੀ ਮੁਕਾਬਲੇ ਤੋਂ ਠੀਕ ਪਹਿਲਾਂ ਭਾਰਤ ਦੇ ਲਿਹਾਜ਼ ਨਾਲ ਅੱਜ ਮਿਲਿਆ-ਜੁਲਿਆ ਦਿਨ ਰਿਹਾ। ਪਹਿਲੇ ਟੇਬਲ 'ਤੇ ਭਾਰਤ ਦੀ ਉਮੀਦ ਅਭਿਜੀਤ ਗੁਪਤਾ ਨੂੰ ਈਰਾਨ ਦੇ ਪਰਹਮ ਮਘਸੂਦਲੂ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ੁਰੂਆਤ ਵਿਚ ਖੇਡ ਵਿਚ ਬੜ੍ਹਤ 'ਤੇ ਨਜ਼ਰ ਆ ਰਿਹਾ ਅਭਿਜੀਤ ਬੜ੍ਹਤ ਦਾ ਸਹੀ ਫਾਇਦਾ ਨਹੀਂ ਚੁੱਕ ਸਕਿਆ ਤੇ ਪਰਹਮ ਦੀ ਇਸ ਜਿੱਤ ਨੇ ਉਸ ਨੂੰ ਅੱਧੇ ਅੰਕ ਦੀ ਬੜ੍ਹਤ ਨਾਲ ਖਿਤਾਬ ਦੇ ਸਭ ਤੋਂ ਨੇੜੇ ਪਹੁੰਚਾ ਦਿੱਤਾ।
ਖੈਰ, ਭਾਰਤ ਦੇ ਲਿਹਾਜ਼ ਨਾਲ ਚੰਗੀ ਖਬਰ ਇਹ ਰਹੀ ਕਿ ਭਾਰਤ ਦਾ ਦੀਪਨ ਚਕਰਵਰਤੀ , ਜਿਹੜਾ ਕੱਲ 6 ਮੈਚ ਜਿੱਤਣ ਤੋਂ ਬਾਅਦ ਪਰਹਮ ਤੋਂ ਹਾਰ ਗਿਆ ਸੀ, ਉਸ ਨੇ ਵੀਅਤਨਾਮ ਦੇ ਟ੍ਰਾਨ ਮਿਨ੍ਹ ਨੂੰ ਹਰਾ ਕੇ ਜ਼ੋਰਦਾਰ ਵਾਪਸੀ ਕੀਤੀ। ਹੁਣ ਦੇਖਣਾ ਹੋਵੇਗਾ ਕਿ ਜਦੋਂ ਕੱਲ ਇਟਲੀ ਦਾ ਡੇਵਿਡ ਅਲਬਰਟੋ ਈਰਾਨ ਦੇ ਪਰਹਮ ਨੂੰ ਚੁਣੌਤੀ ਪੇਸ਼ ਕਰੇਗਾ ਤੇ ਜੇਕਰ ਪਰਹਮ ਕੱਲ ਹਾਰ ਜਾਂਦਾ ਹੈ ਤਾਂ ਕੀ ਦੀਪਨ ਆਪਣਾ ਅਗਲਾ ਮੁਕਾਬਲਾ ਜਿੱਤ ਕੇ ਖਿਤਾਬ ਜਿੱਤਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਾਰਰ ਰੱਖ ਸਕੇਗਾ।
ਫਿਲਹਾਲ 8ਵੇਂ ਰਾਊਂਡ ਤੋਂ ਬਾਅਦ ਈਰਾਨ ਦਾ ਪਰਹਮ  7.5 ਅੰਕਾਂ ਨਾਲ ਪਹਿਲੇ, ਇਟਲੀ ਦਾ ਡੇਵਿਡ ਤੇ ਭਾਰਤ ਦਾ ਦੀਪਨ 7 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜੇ ਤੇ ਤੈਮੂਰ ਗੇਰੇਵ ਨਾਲ 5 ਹੋਰ ਖਿਡਾਰੀ 6.5 ਅੰਕਾਂ ਨਾਲ ਤੀਜੇ ਸਥਾਨ 'ਤੇ ਚੱਲ ਰਹੇ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਵਿਸ਼ਵ ਰੈਪਿਡ ਚੈਂਪੀਅਨਸ਼ਿਪ ਜਿੱਤਣ ਵਾਲਾ ਵਿਸ਼ਵਨਾਥਨ ਆਨੰਦ ਖਿਡਾਰੀਆਂ ਨੂੰ ਸਨਮਾਨਿਤ ਕਰਦਾ ਨਜ਼ਰ ਆਵੇਗਾ। ਇਹ ਗੱਲ ਕਈ ਖਿਡਾਰੀਆਂ ਨੂੰ ਉਨ੍ਹਾਂ ਦਾ ਬਿਹਤਰ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕਰੇਗੀ।