ਇਸ ਸੀਰੀਜ਼ 'ਚ ਟੀਮ ਇੰਡੀਆ ਦਾ ਹਿੱਸਾ ਹੋਣਗੇ ਧੋਨੀ, ਵਾਪਸੀ ਲਈ ਤਿਆਰੀ ਕੀਤੀ ਸ਼ੁਰੂ

10/24/2019 5:51:34 PM

ਸਪੋਰਸਟ ਡੈਸਕ— ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਜੁਲਾਈ 2019 'ਚ ਹੋਏ ਆਈ. ਸੀ. ਸੀ. ਵਰਲਡ ਕੱਪ ਤੋਂ ਬਾਅਦ ਤੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਹਨ। ਪਹਿਲਾਂ ਅਜਿਹਾ ਮੰਨਿਆ ਜਾ ਰਿਹਾ ਸੀ ਕਿ ਉਹ ਵਰਲਡ ਕੱਪ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲੈਣਗੇ ਪਰ ਅਜਿਹਾ ਨਹੀਂ ਹੋਇਆ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੋਣ ਵਾਲੀ ਸੀਰੀਜ਼ 'ਚ ਧੋਨੀ ਦੀ ਵਾਪਸੀ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਸਨ। ਫਿਲਹਾਲ ਉਹ ਅਜੇ ਭਾਰਤ ਵੱਲੋਂ ਖੇਡਦੇ ਨਹੀਂ ਦਿੱਸਣਗੇ। ਪਰ ਹੁਣ ਧੋਨੀ ਦੇ ਟੀਮ 'ਚ ਵਾਪਸੀ ਨੂੰ ਲੈ ਕੇ ਫੈਨਜ਼ ਲਈ ਇਕ ਖੁਸ਼ਖਬਰੀ ਆਈ ਹੈ ਕਿ ਧੋਨੀ ਅਜੇ ਸੰਨਿਆਸ ਨਹੀਂ ਲੈਣਗੇ ਅਤੇ ਧੋਨੀ ਨੇ ਅਗਲੇ ਸਾਲ ਆਸਟਰੇਲੀਆ 'ਚ ਹੋਣ ਵਾਲੇ ਟੀ-20 ਵਰਲਡ ਕੱਪ 'ਤੇ ਨਜ਼ਰਾਂ ਟਿੱਕਾ ਦਿੱਤੀਆਂ ਹਨ ਅਤੇ ਇਸ ਦੇ ਲਈ ਉਨ੍ਹਾਂ ਨੇ ਬੁੱਧਵਾਰ ਤੋਂ ਟ੍ਰੇਨਿੰਗ ਵੀ ਸ਼ੁਰੂ ਕਰ ਦਿੱਤੀ।

ਜਾਣਕਾਰੀ ਮੁਤਾਬਕ ਧੋਨੀ ਇਸ ਸਮੇਂ ਆਪਣੀ ਫਿੱਟਨੈਸ 'ਤੇ ਪੂਰਾ ਧਿਆਨ ਦੇ ਰਹੇ ਹਨ ਅਤੇ ਝਾਰਖੰਡ ਦੀ ਅੰਡਰ-23 ਟੀਮ ਨਾਲ ਟ੍ਰੇਨਿੰਗ ਸ਼ੁਰੂ ਕਰ ਸਕਦੇ ਹਨ। ਝਾਰਖੰਡ ਦੀ ਅੰਡਰ-23 ਟੀਮ 31 ਅਕਤੂਬਰ ਤੋਂ ਸ਼ੁਰੂ ਹੋ ਰਹੇ ਵਨ-ਡੇ ਟੂਰਨਾਮੈਂਟ ਲਈ ਕੈਂਪ 'ਚ ਤਿਆਰੀ ਕਰੇਗੀ। ਟੀਮ 8 ਨਵੰਬਰ ਤੋਂ ਸ਼ੁਰੂ ਹੋ ਰਹੀ ਸੈਯਦ ਮੁਸ਼ਤਾਕ ਅਲੀ  ਟੀ-20 ਟਰਾਫੀ 'ਚ ਹਿੱਸਾ ਲੈਣ ਲਈ ਸੂਰਤ ਜਾਵੇਗੀ। ਅਜਿਹੇ 'ਚ ਧੋਨੀ ਅੰਡਰ- 23 ਟੀਮ ਨਾਲ ਅਭਿਆਸ ਕਰਦੇ ਨਜ਼ਰ ਆ ਸਕਦੇ ਹਨ। ਹਾਲਾਂਕਿ ਉਨ੍ਹਾਂ ਦੇ ਸੈਯਦ ਮੁਸ਼ਤਾਕ ਅਲੀ ਟਰਾਫੀ ਲਈ ਝਾਰਖੰਡ ਦੀ ਟੀਮ 'ਚ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਹੈ।

ਧੋਨੀ ਆਪਣਾ ਪੂਰਾ ਜ਼ੋਰ ਹੁਣ ਆਸਟਰੇਲੀਆ 'ਚ ਅਗਲੇ ਸਾਲ 18 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਟੀ-20 ਵਰਲਡ ਕੱਪ 'ਤੇ ਲੱਗਾ ਦਿੱਤਾ ਹੈ। ਉਹ ਇਸ ਨੂੰ ਧਿਆਨ 'ਚ ਰੱਖ ਕੇ ਤਿਆਰੀ ਕਰਣਗੇ ਅਤੇ ਅਗਲੇ ਸਾਲ ਆਈ. ਪੀ. ਐੱਲ. 'ਚ ਵੀ ਖੇਡਣਗੇ। ਉਹ ਅਗਲੇ ਸਾਲ ਜਨਵਰੀ 'ਚ ਕ੍ਰਿਕਟ 'ਚ ਵਾਪਸੀ ਕਰ ਸੱਕਦੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਧੋਨੀ ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਦਾ ਹਿੱਸਾ ਹੋਣਗੇ। ਸ਼੍ਰੀਲੰਕਾ ਨੂੰ ਅਗਲੇ ਸਾਲ ਜਨਵਰੀ 'ਚ ਭਾਰਤ ਦੌਰੇ 'ਤੇ ਤਿੰਨ ਟੀ-20 ਮੈਚ ਖੇਡਣੇ ਹਨ। ਇਸ ਤੋਂ ਬਾਅਦ ਟੀਮ ਇੰਡੀਆ ਟੀ-20, ਵਨ-ਡੇ ਅਤੇ ਟੈਸਟ ਸੀਰੀਜ਼ ਲਈ ਨਿਊਜ਼ੀਲੈਂਡ ਦਾ ਦੌਰਾ ਕਰੇਗੀ ਅਤੇ ਧੋਨੀ ਇਸ ਸੀਰੀਜ਼ 'ਚ ਖੇਡਦੇ ਨਜ਼ਰ ਆ ਸਕਦੇ ਹਨ।