ਮਾਂ ਖੇਡ ਕਬੱਡੀ ਦੇ ਬਾਬਾ ਬੋਹੜ ''ਮਹਿੰਦਰ ਸਿੰਘ ਮੌੜ'' ਨਹੀਂ ਰਹੇ

05/12/2020 8:26:50 AM

ਕਾਲਾ ਸੰਘਿਆਂ (ਨਿੱਝਰ) : ਮਾਂ ਖੇਡ ਕਬੱਡੀ ਜਗਤ 'ਚ ਇਹ ਖਬਰ ਬੜੇ ਹੀ ਡੂੰਘੇ ਸਦਮੇ ਵਾਲੀ ਹੈ ਕਿ ਕਬੱਡੀ ਜਗਤ ਦੇ ਬਾਬਾ ਬੋਹੜ ਤੇ ਮਸ਼ਹੂਰ ਪ੍ਰਮੋਟਰ ਅਤੇ ਦੇਸ਼ਾਂ-ਵਿਦੇਸ਼ਾਂ 'ਚ ਕਬੱਡੀ ਨੂੰ ਸਭ ਤੋਂ ਪਹਿਲਾਂ ਪ੍ਰਮੋਟ ਕਰਨ ਤੇ ਕਬੱਡੀ ਨੂੰ ਜੀਅ-ਜਾਨ ਨਾਲ ਪਿਆਰ ਕਰਨ ਵਾਲੇ ਤੇ ਆਪਣੀ ਸਮੁੱਚੀ ਜ਼ਿੰਦਗੀ ਕਬੱਡੀ ਦੇ ਲੇਖੇ ਲਾਉਣ ਵਾਲੇ ਮਹਿੰਦਰ ਸਿੰਘ ਮੌੜ (ਕਾਲਾ ਸੰਘਿਆਂ) 87 ਸਾਲ ਦੀ ਉਮਰ 'ਚ ਜ਼ਿੰਦਗੀ ਦੀ ਬਾਜ਼ੀ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਹਾਰ ਗਏ ਹਨ।

ਉਨ੍ਹਾਂ ਦੇ ਭਤੀਜੇ ਨਾਮਵਰ ਕਬੱਡੀ ਖਿਡਾਰੀ ਜੀਤਾ ਮੌੜ ਨੇ ਇਹ ਸੂਚਨਾ ਜਾਰੀ ਕਰਦਿਆਂ ਦੱਸਿਆ ਕਿ ਮੌੜ ਸਾਹਿਬ ਬੀਤੀ ਸਵੇਰੇ ਕਰੀਬ 7.35 ਵਜੇ ਆਪਣੇ ਜੀਵਨ ਦਾ ਪੰਧ ਮੁਕਾ ਗਏ ਹਨ । ਜ਼ਿਕਰਯੋਗ ਹੈ ਕਿ ਉਹ ਕੁਝ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ। ਜ਼ਿਲਾ ਪੁਲਸ ਪ੍ਰਸ਼ਾਸਨ ਕਪੂਰਥਲਾ ਵੱਲੋਂ ਕੋਰੋਨਾ ਬੀਮਾਰੀ ਕਾਰਨ ਉਨ੍ਹਾਂ ਦੇ ਸਨੇਹੀਆਂ ਨੂੰ ਵੱਡੇ ਇਕੱਠ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ਮੌੜ ਹੋਰਾਂ ਦਾ ਅੰਤਿਮ ਸੰਸਕਾਰ ਯੂ. ਕੇ. ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਆਉਣ 'ਤੇ 13 ਮਈ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਕਾਲਾ ਸੰਘਿਆਂ ਵਿਖੇ ਕਰਨ ਦਾ ਪ੍ਰੋਗਰਾਮ ਉਲੀਕਿਆ  ਗਿਆ ਹੈ । ਮਹਿੰਦਰ ਸਿੰਘ ਮੌੜ ਨੇ ਹਜ਼ਾਰਾਂ ਕਬੱਡੀ ਖਿਡਾਰੀਆਂ ਨੂੰ ਵਿਦੇਸ਼ 'ਚ ਖੇਡਣ ਦਾ ਮੌਕਾ ਪ੍ਰਦਾਨ ਕੀਤਾ ਅਤੇ ਸੈਂਕੜੇ ਖਿਡਾਰੀਆਂ ਦੇ ਵਿਆਹ ਕਰਵਾ ਕੇ ਵਿਦੇਸ਼ਾਂ 'ਚ ਹੀ ਉਨ੍ਹਾਂ ਨੂੰ ਸੈੱਟ ਕਰਕੇ ਰੋਜ਼ੀ-ਰੋਟੀ ਜੋਗੇ ਕੀਤਾ । ਮੌੜ ਦੀ ਮੌਤ ਦੀ ਖਬਰ ਦੇਸ਼ਾਂ-ਵਿਦੇਸ਼ਾਂ 'ਚ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ ਤੇ ਖੇਡ ਪ੍ਰਮੋਟਰਾਂ, ਸਪੋਰਟਸ ਕਲੱਬਾਂ, ਖਿਡਾਰੀਆਂ ਤੇ ਖੇਡ ਪ੍ਰੇਮੀਆਂ ਵਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ।  ਮੌੜ ਆਪਣੇ ਪਿੱਛੇ ਤਿੰਨ ਲੜਕੀਆਂ ਤੇ ਦੋ ਲੜਕੇ ਛੱਡ ਗਏ ਹਨ । 
 

Babita

This news is Content Editor Babita