ਮੁਹੰਮਦ ਕੈਫ ਨੇ ਪਾਕਿ PM ਦੀ ਲਗਾਈ ਕਲਾਸ, ਕਿਹਾ- ਲੈਕਚਰ ਦੇਣਾ ਬੰਦ ਕਰੋ

12/25/2018 4:47:07 PM

ਨਵੀਂ ਦਿੱਲੀ : ਨਸੀਰੂਦੀਨ ਦੇ ਬਿਆਨ 'ਤੇ ਪਾਕਿਸਤਾਨ ਦੇ ਪੀ. ਐੱਮ. ਇਮਰਾਨ ਖਾਨ ਦੀ ਪ੍ਰਤੀਕਿਰਿਆ ਨੇ ਦੇਸ਼ ਵਿਚ ਇਕ ਨਵਾਂ ਵਿਵਾਦ ਪੈਦਾ ਕਰ ਦਿੱਤਾ ਹੈ। ਸ਼ਾਹ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਬੁਲੰਦ ਸ਼ਹਿਰ ਦੇ ਹਾਦਸੇ ਬਾਅਦ ਉਨ੍ਹਾਂ ਨੂੰ ਆਪਣੇ ਬੱਚਿਆਂ ਲਈ ਡਰ ਲਗਦਾ ਹੈ। ਇਸ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ, ''ਮੈਂ ਮੋਦੀ ਸਰਕਾਰ ਨੂੰ ਦੱਸਾਂਗਾ ਕਿ ਘੱਟ ਗਿਣਤੀ ਵਾਲੇ ਫਿਰਕੇ ਨਾਲ ਕਿਸ ਤਰ੍ਹਾਂ ਵਰਤਾਅ ਕਰਦੇ ਹਨ। ਹਾਲਾਂਕਿ ਸ਼ਾਹ ਨੇ ਇਸ ਬਿਆਨ 'ਤੇ ਪਲਟਵਾਰ ਕਰਦਿਆਂ ਕਿਹਾ ਸੀ, ''ਤੁਸੀਂ ਆਪਣੇ ਕੰਮ ਨਾਲ ਮਤਲਬ ਰੱਖੋ ਅਤੇ ਆਪਣੇ ਦੇਸ਼ ਦੀਆਂ ਸਮੱਸਿਆਵਾਂ ਸੁਲਝਾਓ।

ਮੁਹੰਮਦ ਕੈਫ ਦਾ ਇਮਰਾਨ ਨੂੰ ਜਵਾਬ
ਇਮਰਾਨ ਦੇ ਇਸ ਬਿਆਨ 'ਤੇ ਹੁਣ ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਕੈਫ ਨੇ ਵੀ ਪਲਟਵਾਰ ਕਰਦਿਆਂ ਪੀ. ਐੱਮ. ਇਮਰਾਨ ਖਾਨ ਨੂੰ ਪਾਕਿਸਤਾਨ ਵਿਚ ਘੱਟ ਗਿਣਤੀ ਦੀ ਹਾਲਤ ਦੱਸਦਿਆਂ ਕਿਹਾ, ''ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਪਾਕਿਸਤਾਨ ਵਿਚ ਘੱਟ ਗਿਣਤੀ ਵਾਲੇ ਫਿਰਕਿਆਂ ਦੀ ਤਾਦਾਦ ਘਟੀ ਹੈ। ਉਨ੍ਹਾਂ ਕਿਹਾ, ''ਪਾਕਿਸਤਾਨ ਜਦੋਂ ਅਲੱਗ ਹੋਇਆ ਉਦੋਂ ਉੱਥੇ 20 ਫੀਸਦੀ ਘੱਟ ਗਿਣਤੀ ਸੀ ਜੋ ਘੱਟ ਕੇ ਸਿਰਫ 2 ਫੀਸਦੀ ਰਹਿ ਗਈ ਹੈ। ਕੈਫ ਨੇ ਇਹ ਵੀ ਕਿਹਾ, ''1947 ਤੋਂ ਬਾਅਦ ਜੇਕਰ ਭਾਰਤ ਨੂੰ ਦੇਖੋ ਤਾਂ ਇੱਥੇ ਘੱਟ ਗਿਣਤੀ ਫਿਰਕਿਆਂ ਦੀ ਤਾਦਾਦ ਵਧੀ ਹੈ। ਕੈਫ ਦੇ ਇਸ ਬਿਆਨ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਨੇ ਕੈਫ ਦੇ ਸਮਰਥਨ 'ਚ ਕਈ ਮੈਸੇਜ ਕੀਤੇ।