ਸਚਿਨ ਤੋਂ ਓਪਨਿੰਗ ਕਰਾਉਣ ਲਈ ਮੁਹੰਮਦ ਅਜ਼ਹਰੂਦੀਨ ਨੂੰ BCCI ਨੇ ਲਾਈ ਸੀ ਫਿਟਕਾਰ

06/09/2020 1:29:01 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਸੋਮਵਾਰ ਨੂੰ ਉਸ ਦੀ ਕਪਤਾਨੀ ਵਿਚ ਹੋਏ ਕੁਝ ਅਜਿਹੇ ਫੈਸਲਿਆਂ ਦੀ ਗੱਲ ਕੀਤੀ ਜਿਸ ਵਿਚ ਭਾਰਤੀ ਕ੍ਰਿਕਟ ਅਤੇ ਇਕ ਮਹਾਨ ਖਿਡਾਰੀ ਦੇ ਕਰੀਅਰ ਨੂੰ ਹਮੇਸ਼ਾ ਲਈ ਬਦਲ ਦਿੱਤਾ। ਸੋਮਵਾਰ ਨੂੰ ਇਕ ਸਪੋਰਟਸ ਵੈਬਸਾਈਟ ਲਈ ਫੇਸਬੁੱਕ ਲਾਈਵ ਦੌਰਾਨ ਅਜ਼ਹਰ ਨੇ ਦੱਸਿਆ ਕਿ ਉਸ ਦੇ ਕਰੀਅਰ ਦਾ ਸਭ ਤੋਂ ਵੱਡਾ ਫੈਸਲਾ ਤੇਂਦੁਲਕਰ ਤੋਂ ਪਾਰੀ ਦੀ ਸ਼ੁਰੂਆਤ ਕਰਾਉਣਾ ਸੀ। ਅਜ਼ਹਰ ਤੋਂ ਜਦੋਂ ਇਸ ਤੋਂ ਪਿੱਛੇ ਦੀ ਕਹਾਣੀ ਪੁੱਛੀ ਗਈ ਤਾਂ ਉਸ ਨੇ ਕਿਹਾ ਕਿ ਦਰਅਸਲ, ਸਚਿਨ ਬਹੁਤ ਚੰਗਾ ਖੇਡ ਰਿਹਾ ਸੀ।

ਅਜ਼ਹਰ ਨੇ ਕਿਹਾ ਕਿ ਉਹ ਸ਼ੁਰੂਆਤ ਵਿਚ ਮੇਰੇ ਕੋਲ ਓਪਨਿੰਗ ਕਰਨ ਦੀ ਗੱਲ ਕਰਨ ਨਹੀਂ ਆਇਆ ਪਰ ਤਦ ਮੈਨੂੰ ਅਹਿਸਾਸ ਹੋਇਆ। ਕਿਉਂਕਿ ਉਹ ਹਮਲਾਵਰ ਬੱਲੇਬਾਜ਼ ਹੈ, ਇਸ ਲਈ ਨੰਬਰ 4 ਜਾਂ 5 'ਤੇ ਬੱਲੇਬਾਜ਼ੀ ਕਰਨਾ ਅਤੇ 30-40 ਦੌੜਾਂ ਬਣਾਉਣਾ, ਇਹ ਸਥਾਨ ਉਸ ਦੇ ਲਈ ਠੀਕ ਨਹੀਂ ਹੈ। ਤਦ ਨਵਜੋਤ ਸਿੰਘ ਸਿੱਧੂ ਇਕ ਮੈਚ ਵਿਚ ਜ਼ਖਮੀ ਹੋ ਗਏ ਅਤੇ ਮੈਂ ਟੀਮ ਮੈਨੇਜਰ ਅਜੀਤ ਵਾਡੇਕਰ ਨਾਲ ਗੱਲ ਕੀਤੀ ਅਤੇ ਅਖੀਰ ਵਿਚ ਉਹ ਇਸ ਗੱਲ ਲਈ ਰਾਜ਼ੀ ਹੋ ਗਏ ਕਿ ਸਚਿਨ ਨੂੰ ਪਾਰੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ।

ਧਮਾਕੇਦਾਰ ਕਰੀਅਰ

21 ਸਾਲਾ ਸਚਿਨ ਨੇ ਪਹਿਲੀ ਵਾਰ ਵਨ ਡੇ ਕੌਮਾਂਤਰੀ ਵਿਚ ਓਪਨਿੰਗ ਕੀਤੀ ਅਤੇ ਧਮਾਕੇਦਾਰ ਪਾਰੀ ਦੇ ਨਾਲ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਸਚਿਨ ਦੁਨੀਆ ਦੇ ਬੈਸਟ ਓਪਨਿੰਗ ਬੱਲੇਬਾਜ਼ਾਂ ਵਿਚ ਸ਼ਾਮਲ ਹੋ ਗਏ। ਵਨ ਡੇ ਕੌਮਾਂਤਰੀ ਵਿਚ ਪਾਰੀ ਦੀ ਸ਼ੁਰੂਆਤ ਨੇ ਸਚਿਨ ਦੇ ਕਰੀਅਰ ਨੂੰ ਹਮੇਸ਼ਾ ਲਈ ਬਦਲ ਦਿੱਤਾ। ਆਪਣੇ 463 ਵਨ ਡੇ ਕੌਮਾਂਤਰੀ ਮੈਚਾਂ ਦੇ ਲੰਬੇ ਕਰੀਅਰ ਵਿਚ ਸਚਿਨ ਨੇ 49 ਸੈਂਕੜੇ ਲਾਏ। ਇਸ ਵਿਚੋਂ 45 ਸੈਂਕੜੇ ਪਾਰੀ ਦੀ ਸ਼ੁਰੂਆਤ ਕਰਦਿਆਂ ਲਾਏ। ਅਜ਼ਹਰ ਤੋਂ ਜਦੋਂ ਪੁੱਛਿਆ ਗਿਆ ਕਿ ਪਾਰੀ ਦੀ ਸ਼ੁਰੂਆਤ ਕਰਨ ਦੇ ਫੈਸਲੇ 'ਤੇ ਸਚਿਨ ਨੇ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ ਤਾਂ ਅਜ਼ਹਰ ਨੇ ਦੱਸਿਆ ਕਿ ਉਹ ਬਹੁਤ ਖੁਸ਼ ਹੋਏ ਅਤੇ ਕਿਹਾ ਕਿ ਉਹ ਹਮੇਸ਼ਾ ਪਾਰੀ ਦੀ ਸ਼ੁਰੂਆਤ ਕਰਨਾ ਚਾਹੁੰਦੇ ਸੀ।

ਬੀ. ਸੀ. ਸੀ. ਆਈ. ਤੋਂ ਪਈ ਫਿੱਟਕਾਰ

ਅਜ਼ਹਰ ਨੇ ਦੱਸਿਆ ਕਿ 1998 ਵਿਚ ਸਿਲੈਕਟਰਸ ਨੇ ਬੰਗਲਾਦੇਸ਼ ਖਿਲਾਫ ਸਚਿਨ ਨੂੰ ਨੰਬਰ 4 'ਤੇ ਬੱਲੇਬਾਜ਼ੀ ਕਰਾਉਣ ਲਈ ਕਿਹਾ ਸੀ। ਉਸ ਨੇ ਕਿਹਾ ਕਿ ਮੈਂ ਸਚਿਨ ਨੂੰ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਭੇਜਿਆ ਅਤੇ ਉੱਥੇ ਵੀ ਉਸ ਨੇ ਬੱਲੇਬਾਜ਼ੀ ਕਰਦਿਆਂ 80 ਦੌੜਾਂ ਬਣਾਈਆਂ ਪਰ ਮੈਨੂੰ ਅਹਿਸਾਸ ਹੋਇਆ ਕਿ ਇਹ ਸਥਾਨ ਉਸ ਦੇ ਲਈ ਨਹੀਂ ਅਤੇ ਮੈਂ ਦੋਬਾਰਾ ਉਸ ਨੂੰ ਓਪਨਿੰਗ ਲਈ ਭੇਜਿਆ। ਭਾਰਤ ਆਉਣ ਤੋਂ ਬਾਅਦ ਬੀ. ਸੀ. ਸੀ. ਆਈ. ਤੋਂ ਮੈਨੂੰ ਫਿਟਕਾਰ ਲੱਗੀ।

Ranjit

This news is Content Editor Ranjit