ਮਿਕਸਡ ਬੈਡਮਿੰਟਨ ਟੀਮ ਨੇ ਜਿੱਤਿਆ ਸੋਨ ਤਮਗਾ

04/10/2018 2:30:57 AM

ਨਵੀਂ ਦਿੱਲੀ— ਕਿਦਾਂਬੀ ਸ਼੍ਰੀਕਾਂਤ ਤੇ ਸਾਇਨਾ ਨੇਹਵਾਲ ਦੇ ਕਮਾਲ ਦੇ ਪ੍ਰਦਰਸ਼ਨ ਦੀ ਬਦੌਲਤ ਭਾਰਤ  ਨੇ ਪਿਛਲੇ ਦੋ ਵਾਰ ਦੇ ਚੈਂਪੀਅਨ ਮਲੇਸ਼ੀਆ ਨੂੰ ਸੋਮਵਾਰ 3-1 ਨਾਲ ਹਰਾ ਕੇ ਰਾਸ਼ਟਰਮੰਡਲ ਖੇਡਾਂ ਦੀ ਮਿਕਸਡ ਟੀਮ ਬੈਡਮਿੰਟਨ ਪ੍ਰਤੀਯੋਗਿਤਾ ਦਾ ਸੋਨ ਤਮਗਾ ਜਿੱਤ ਲਿਆ। ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰਨ ਸਾਇਨਾ ਨੇਹਵਾਲ ਨੇ ਮਲੇਸ਼ੀਆ ਦੀ ਸੋਨੀਆ ਚਿਯਾਹ ਨੂੰ 21-11, 19-21, 21-9 ਨਾਲ ਹਰਾ ਕੇ ਭਾਰਤ ਦੀ ਝੋਲੀ ਵਿਚ ਸੋਨ ਤਮਗਾ ਪਾ ਦਿੱਤਾ। 
ਫਾਈਨਲ ਦੇ ਪਹਿਲੇ ਮਿਕਸਡ ਡਬਲਜ਼ ਮੈਚ 'ਚ ਭਾਰਤ ਦੇ ਸਾਤਵਿਕ ਸੇਰਾਜ ਰੈਂਕੀਰੇਡੀ ਤੇ ਅਸ਼ਵਿਨੀ ਪੋਨੱਪਾ ਦੀ ਜੋੜੀ ਨੇ ਪੇਂਗ ਸੂਨ ਚਾਨ ਤੇ ਲਿਊ ਯਿੰਗ ਗੋਹ ਨੂੰ 21-14, 15-21, 21-15 ਨਾਲ ਹਰਾ ਕੇ 1-0 ਦੀ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਕਿਦਾਂਬੀ ਸ਼੍ਰੀਕਾਂਤ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਸਾਬਕਾ ਨੰਬਰ ਇਕ ਖਿਡਾਰੀ ਲੀ ਚੋਂਗ ਵੇਈ  ਨੂੰ 21-17, 21-14 ਨਾਲ ਹਰਾ ਕੇ ਭਾਰਤ ਨੂੰ 2-0 ਦੀ ਬੜ੍ਹਤ ਦਿਵਾਈ ਸੀ। 
ਤੀਜੇ ਮੈਚ ਵਿਚ ਹਾਲਾਂਕਿ ਪੁਰਸ਼ ਮੁਕਾਬਲੇ ਵਿਚ ਸਾਤਵਿਕਸੇਰਜਾ ਤੇ ਚਿਰਾਗ ਸ਼ੈੱਟੀ ਦੀ ਟੀਮ ਨੂੰ ਲਗਾਤਾਰ ਸੈੱਟਾਂ ਵਿਚ 15-21, 20-22 ਨਾਲ ਮਲੇਸ਼ੀਆਈ ਜੋੜੀ ਵੀ ਸ਼ੇਮ ਗੋਹ ਤੇ ਵੀ ਕਿਯੋਂਗ ਤਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਨੇ ਪਿਛਲੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿਚ ਬੈਡਮਿੰਟਨ ਵਿਚ ਸਿੰਗਲਜ਼ ਵਿਚ ਪੁਰਸ਼ ਵਰਗ ਦਾ ਸੋਨਾ, ਮਹਿਲਾਵਾਂ ਵਿਚ ਸਿੰਗਲਜ਼ ਦਾ ਕਾਂਸੀ, ਪੁਰਸ਼ ਸਿੰਗਲਜ਼ ਦਾ ਕਾਂਸੀ ਤਮਗਾ ਤੇ ਮਹਿਲਾ ਡਬਲਜ਼ ਦਾ ਚਾਂਦੀ ਤਮਗਾ ਜਿੱਤਿਆ ਸੀ ਪਰ ਇਸ ਵਾਰ ਭਾਰਤ ਨੇ ਬੈਡਮਿੰਟਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਪ੍ਰਤੀਯੋਗਿਤਾ ਦਾ ਸੋਨ ਤਮਗਾ ਜਿੱਤ ਲਿਆ।