ਕੌਮਾਂਤਰੀ ਕ੍ਰਿਕਟ ''ਚ 20 ਸਾਲ ਪੂਰੇ ਕਰਨ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣੀ ਮਿਤਾਲੀ

10/09/2019 6:41:11 PM

ਨਵੀਂ ਦਿੱਲੀ : ਸਾਬਕਾ ਭਾਰਤੀ ਕਪਤਾਨ ਮਿਤਾਲੀ ਰਾਜ ਕੌਮਾਂਤਰੀ ਕ੍ਰਿਕਟ ਵਿਚ 20 ਸਾਲ ਪੂਰਾ ਕਰਨ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। 36 ਸਾਲਾ ਮਿਤਾਲੀ ਨੇ ਇੱਥੇ ਦੱਖਣੀ ਅਫਰੀਕਾ ਦੇ ਨਾਲ ਜਾਰੀ 3 ਮੈਚਾਂ ਦੀ ਵਨ ਡੇ ਸੀਰੀਜ਼ ਤੋਂ ਪਹਿਲੇ ਮੈਚ ਵਿਚ ਬੁੱਧਵਾਰ ਨੂੰ ਮੈਦਾਨ 'ਤੇ ਉੱਤਰਦਿਆਂ ਹੀ ਇਹ ਉਪਲੱਬਧੀ ਹਾਸਲ ਕਰ ਲਈ। ਉਸ ਨੇ ਇਸ ਮੈਚ ਵਿਚ ਅਜੇਤੂ 11 ਦੌੜਾਂ ਬਣਾਈਆਂ। ਭਾਰਤ ਨੇ ਇਸ ਮੈਚ ਨੂੰ 8 ਵਿਕਟਾਂ ਨਾਲ ਆਪਣੇ ਨਾਂ ਕੀਤਾ। ਭਾਰਤ ਲਈ ਹੁਣ ਤਕ 204 ਵਨ ਡੇ ਮੈਚ ਖੇਡ ਚੁੱਕੀ ਮਿਤਾਲੀ ਨੇ 26 ਜੂਨ 1999 ਵਿਚ ਆਇਰਲੈਂਡ ਖਿਲਾਫ ਵਨ ਡੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਹ 50 ਓਵਰ ਦੇ ਇਸ ਕਰੀਅਰ ਵਿਚ 20 ਸਾਲ 105 ਦਿਨ ਪੂਰੇ ਕਰ ਚੁੱਕੀ ਹੈ।

ਉਹ 2 ਦਹਾਕਿਆਂ ਤਕ ਵਨ ਡੇ ਕ੍ਰਿਕਟ ਖੇਡਣ ਵਾਲੀ ਇਕਲੌਤੀ ਮਹਿਲਾ ਕ੍ਰਿਕਟ ਵੀ ਬਣੀ। ਸੱਜੇ ਹੱਥ ਦੀ ਬੱਲੇਬਾਜ਼ ਮਿਤਾਲੀ ਦੇ ਨਾਂ ਵਨ ਡੇ ਕ੍ਰਿਕਟ ਵਿਚ ਸਭ ਤੋਂ ਵੱਧ ਮੈਚ ਖੇਡਣ ਦਾ ਰਿਕਾਰਡ ਹੈ। ਉਸ ਨੇ ਹੁਣ ਤਕ 204 ਵਨ ਡੇ ਮੈਚ ਖੇਡੇ ਹਨ ਜੋ ਕਿ ਕਿਸੇ ਵੀ ਮਹਿਲਾ ਕ੍ਰਿਕਟਰ ਵੱਲੋਂ ਖੇਡਿਆ ਗਿਆ ਹੁਣ ਤਕ ਦੇ ਸਭ ਤੋਂ ਵੱਧ ਮੈਚ ਹਨ। ਉਸ ਤੋਂ ਬਾਅਦ ਇੰਗਲੈਂਡ ਦੀ ਕਾਰਲੋਟ ਐਡਵਰਡ (191), ਭਾਰਤ ਦੀ ਹੀ ਝੂਲਨ ਗੋਸਵਾਮੀ (178) ਅਤੇ ਆਸਟਰੇਲੀਆ ਦੀ ਐਲੇਕਸ ਬਲੈਕਵੈਲ (144) ਹੈ। ਸਾਬਕਾ ਕਪਤਾਨ ਮਿਤਾਲੀ ਨੇ 10 ਟੈਸਟ ਅਤੇ 89 ਟੀ-20 ਮੈਚਾਂ ਵਿਚ ਭਾਰਤ ਦੀ ਅਗਵਾਈ ਕੀਤੀ ਹੈ। ਉਸ ਨੇ ਪਿਛਲੇ ਮਹੀਨੇ ਹੀ ਟੀ-20 ਤੋਂ ਸੰਨਿਆਸ ਲਿਆ ਸੀ।