ਫੁੱਟਬਾਲ ਪ੍ਰਸ਼ੰਸਕਾਂ ਲਈ ਅਹਿਮ ਖ਼ਬਰ, ਵਿਸ਼ਵ ਕੱਪ ਜਿੱਤਣ ਮਗਰੋਂ ਮੇਸੀ ਨੇ ਸੰਨਿਆਸ ਨੂੰ ਲੈ ਕੇ ਦਿੱਤਾ ਵੱਡਾ ਬਿਆਨ

12/19/2022 3:08:13 PM

ਦੋਹਾ (ਭਾਸ਼ਾ) : ਲਿਓਨਲ ਮੇਸੀ ਦੀ ਅਜੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦੀ ਕੋਈ ਯੋਜਨਾ ਨਹੀਂ ਹੈ ਅਤੇ ਸਟਾਰ ਸਟ੍ਰਾਈਕਰ ਦਾ ਕਹਿਣਾ ਹੈ ਕਿ ਉਹ ਵਿਸ਼ਵ ਕੱਪ ਜਿੱਤਣ ਦੇ ਆਪਣੇ ਸੁਫ਼ਨੇ ਨੂੰ ਪੂਰਾ ਕਰਨ ਤੋਂ ਬਾਅਦ ਵੀ ਅਰਜਨਟੀਨਾ ਲਈ ਖੇਡਦੇ ਰਹਿਣਗੇ। ਲੁਸੈਲ ਸਟੇਡੀਅਮ 'ਚ ਫਰਾਂਸ ਨੂੰ ਪੈਨਲਟੀ ਸ਼ੂਟਆਊਟ 'ਚ 4-2 ਨਾਲ ਹਰਾ ਕੇ ਲਿਓਨਲ ਮੇਸੀ ਦਾ ਵਿਸ਼ਵ ਚੈਂਪੀਅਨ ਬਣਨ ਦਾ ਸੁਫ਼ਨਾ ਸਾਕਾਰ ਹੋ ਗਿਆ। ਮੇਸੀ ਨੇ ਮੈਚ ਵਿੱਚ ਦੋ ਗੋਲ ਕੀਤੇ। ਮੇਸੀ ਮਹਿਜ਼ 35 ਸਾਲ ਦੇ ਹਨ ਅਤੇ ਮੰਨਿਆ ਜਾ ਰਿਹਾ ਸੀ ਕਿ ਇਹ ਉਨ੍ਹਾਂ ਦਾ ਆਖ਼ਰੀ ਵਿਸ਼ਵ ਕੱਪ ਸੀ ਪਰ ਸਟਾਰ ਸਟ੍ਰਾਈਕਰ ਨੇ ਮੈਚ ਤੋਂ ਬਾਅਦ ਕਿਹਾ ਕਿ ਉਹ ਅਜੇ ਵੀ ਖੇਡਣ ਦਾ ਇਰਾਦਾ ਰੱਖਦੇ ਹਨ।

ਇਹ ਵੀ ਪੜ੍ਹੋ: ਫੀਫਾ ਵਿਸ਼ਵ ਕੱਪ 'ਚ ਹਾਰ ਦੇ ਬਾਵਜੂਦ ਫਰਾਂਸ ਦੇ ਐਮਬਾਪੇ ਨੇ ਇਸ ਮਾਮਲੇ 'ਚ ਮੇਸੀ ਨੂੰ ਪਛਾੜ ਜਿੱਤਿਆ ਗੋਲਡਨ ਬੂਟ

ਜਦੋਂ ਮੇਸੀ ਤੋਂ ਪੁੱਛਿਆ ਗਿਆ ਕਿ ਕੀ ਉਹ ਸੰਨਿਆਸ ਲੈਣਗੇ ਤਾਂ ਉਨ੍ਹਾਂ ਕਿਹਾ, "ਨਹੀਂ, ਮੈਂ ਇਸ ਸਮੇਂ ਆਪਣੀ ਰਾਸ਼ਟਰੀ ਟੀਮ ਤੋਂ ਸੰਨਿਆਸ ਨਹੀਂ ਲੈ ਰਿਹਾ ਹਾਂ। ਮੈਂ ਅਰਜਨਟੀਨਾ ਦੀ ਜਰਸੀ ਵਿੱਚ ਵਿਸ਼ਵ ਚੈਂਪੀਅਨ ਵਾਂਗ ਖੇਡਦਾ ਰਹਾਂਗਾ। ਮੇਰੇ ਕੋਲ ਕੋਪਾ ਅਮਰੀਕਾ ਅਤੇ ਵਿਸ਼ਵ ਕੱਪ ਦਾ ਖ਼ਿਤਾਬ ਹੈ। ਪਰ ਮੈਨੂੰ ਫੁੱਟਬਾਲ ਪਸੰਦ ਹੈ ਅਤੇ ਮੈਂ ਰਾਸ਼ਟਰੀ ਟੀਮ ਦਾ ਹਿੱਸਾ ਬਣ ਕੇ ਖੁਸ਼ੀ ਮਹਿਸੂਸ ਕਰਦਾ ਹਾਂ। ਮੈਂ ਵਿਸ਼ਵ ਚੈਂਪੀਅਨ ਹੋਣ ਦੇ ਨਾਤੇ ਰਾਸ਼ਟਰੀ ਟੀਮ ਲਈ ਕੁਝ ਹੋਰ ਮੈਚ ਖੇਡਣਾ ਚਾਹਾਂਗਾ।' ਮੇਸੀ ਨੇ 7 ਮੌਕਿਆਂ 'ਤੇ ਦੁਨੀਆ ਦੇ ਸਰਵੋਤਮ ਖਿਡਾਰੀ ਦਾ ਬੈਲਨ ਡੀ ਓਰ ਪੁਰਸਕਾਰ ਜਿੱਤਿਆ ਹੈ। ਉਨ੍ਹਾਂ ਨੇ ਆਪਣੇ ਸਾਬਕਾ ਕਲੱਬ ਬਾਰਸੀਲੋਨਾ ਵੱਲੋਂ 4 ਵਾਰ ਚੈਂਪੀਅਨਜ਼ ਲੀਗ ਵੀ ਜਿੱਤੀ ਹੈ। ਅਰਜਨਟੀਨਾ ਦੇ ਕੋਚ ਲਿਓਨਲ ਸਕਾਲੋਨੀ ਨੇ ਕਿਹਾ ਕਿ ਜੇਕਰ ਮੇਸੀ ਚਾਹੁਣ ਤਾਂ ਟੀਮ ਦੇ ਨਾਲ ਬਣੇ ਰਹਿ ਸਕਦੇ ਹਨ। ਉਨ੍ਹਾਂ ਕਿਹਾ, “ਜੇ ਉਹ ਖੇਡਣਾ ਜਾਰੀ ਰੱਖਣਾ ਚਾਹੁੰਦਾ ਹੈ ਅਤੇ ਸਾਡੇ ਨਾਲ ਰਹਿਣਾ ਚਾਹੁੰਦਾ ਹੈ ਤਾਂ ਉਹ ਅਜਿਹਾ ਕਰ ਸਕਦਾ ਹੈ। ਉਸ ਨੂੰ ਇਹ ਫੈਸਲਾ ਕਰਨ ਦਾ ਪੂਰਾ ਅਧਿਕਾਰ ਹੈ ਕਿ ਉਹ ਸਾਡੇ ਨਾਲ ਰਹਿਣਾ ਚਾਹੁੰਦਾ ਹੈ ਜਾਂ ਨਹੀਂ। ਮੇਰੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਹ ਮੇਰੀ ਕੋਚਿੰਗ ਵਿੱਚ ਖੇਡਿਆ। ਉਸ ਨੇ ਇਸ ਟੀਮ ਨੂੰ ਜੋ ਦਿੱਤਾ ਹੈ ਉਹ ਸ਼ਾਨਦਾਰ ਹੈ।'

ਇਹ ਵੀ ਪੜ੍ਹੋ: ਮੇਸੀ ਨੇ ਅਰਜਨਟੀਨਾ ਨੂੰ ਚੈਂਪੀਅਨ ਬਣਾਉਣ ਮਗਰੋਂ ਮੈਦਾਨ 'ਤੇ ਆਪਣੀ ਪਤਨੀ ਤੇ ਬੱਚਿਆਂ ਨਾਲ ਮਨਾਇਆ ਜਸ਼ਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry