ਰਿਪੋਰਟ ਮੁਤਾਬਕ ਮਹਿਲਾਵਾਂ ਦੇ ਮੁਕਾਬਲੇ ਪੁਰਸ਼ ਟੈਨਿਸ ਖਿਡਾਰੀਆਂ ਨੂੰ ਮਿਲੀ ਹੈ ਜ਼ਿਆਦਾ ਸਜ਼ਾ

09/16/2018 8:36:28 PM

ਲਾਸ ਏਂਜਲਸ : ਪਿਛਲੇ ਦਿਨੀਂ ਧਾਕੜ ਟੈਨਿਸ ਖਿਡਾਰੀ ਸੇਰੇਨਾ ਵਿਲੀਅਮਸ ਨੇ ਕਿਹਾ ਸੀ ਕਿ ਸਜ਼ਾ ਦੇ ਮਾਮਲੇ ਵਿਚ ਦੋਹਰਾ ਮਾਪਦੰਡ ਅਪਣਾਇਆ ਜਾਂਦਾ ਹੈ ਪਰ ਅੰਕੜੇ ਇਸਦੇ ਉਲਟ ਹਨ, ਜਿਨ੍ਹਾਂ ਵਿਚ ਪੁਰਸ਼ ਖਿਡਾਰੀਆਂ ਨੂੰ ਕੋਰਟ 'ਤੇ ਆਪਾ ਖੋਹਣ ਤੇ ਰੈਕੇਟ ਤੋੜਣ ਦੇ ਮਾਮਲੇ ਵਿਚ ਮਹਿਲਾਵਾਂ ਦੀ ਤੁਲਨਾ ਵਿਚ ਲਗਭਗ 3 ਗੁਣਾ ਜ਼ਿਆਦਾ ਸਜ਼ਾ ਮਿਲੀ ਹੈ।

ਨਿਊਯਾਰਕ ਟਾਈਮਸ ਦੀ ਖਬਰ ਮੁਤਾਬਕ 1998 ਤੋਂ 2018 ਵਿਚਾਲੇ ਗ੍ਰੈਂਡ ਸਲੈਮ ਟੂਰਨਾਮੈਂਟਾਂ ਵਿਚ ਪੁਰਸ਼ ਖਿਡਾਰੀਆਂ 'ਤੇ 1517 ਵਾਰ ਜੁਰਮਾਨਾ ਲਾਇਆ ਗਿਆ ਹੈ, ਜਦਕਿ ਮਹਿਲਾ ਖਿਡਾਰੀਆਂ 'ਤੇ ਜੁਰਮਾਨਾ ਲਾਉਣ ਦੇ 523 ਮਾਮਲੇ ਸਾਹਮਣੇ ਆਏ ਹਨ। ਇਸ ਅਖਬਾਰ ਵੱਲੋਂ ਪਿਛਲੇ 20 ਸਾਲਾਂ ਦੌਰਾਨ ਖੇਡੇ ਗਏ 10 ਹਜ਼ਾਰ ਤੋਂ ਵੱਧ ਮੈਚਾਂ 'ਚੋਂ ਇਕੱਠੇ ਕੀਤੇ ਗਏ ਅੰਕੜਿਆਂ ਮੁਤਾਬਕ ਰੈਕੇਟ ਤੋੜਣ ਦੇ ਮਾਮਲੇ ਵਿਚ ਪੁਰਸ਼ ਖਿਡਾਰੀਆਂ 'ਤੇ 649 ਵਾਰ ਜੁਰਮਾਨਾ ਲਾਇਆ ਗਿਆ ਹੈ, ਜਦਕਿ ਮਹਿਲਾਵਾਂ ਨੂੰ ਸਿਰਫ 99 ਵਾਰ ਇਹ ਸਜ਼ਾ ਦਿੱਤੀ ਗਈ ਹੈ।

ਇਨ੍ਹਾਂ ਅੰਕੜਿਆਂ ਵਿਚ 'ਇਤਰਾਜ਼ਯੋਗ ਭਾਸ਼ਾ' ਦੇ ਇਸਤੇਮਾਲ ਕਰਨ ਦੇ ਮਾਮਲੇ ਵਿਚ ਪੁਰਸ਼ਾਂ 'ਤੇ 344 ਵਾਰ ਜੁਰਮਾਨਾ ਲੱਗਾ ਹੈ, ਜਦਕਿ ਮਹਿਲਾਵਾਂ 'ਤੇ 140 ਵਾਰ। ਇਸਦੇ ਨਾਲ ਹੀ ਖੇਡ ਭਾਵਨਾ ਦੇ ਉਲਟ ਵਰਤਾਅ ਕਰਨ 'ਤੇ ਪੁਰਸ਼ਾਂ 'ਤੇ 287 ਮਾਮਲੇ ਦਰਜ ਹੋਏ ਹਨ, ਉਥੇ ਹੀ ਮਹਿਲਾਵਾਂ ਦੇ 67 ਮਾਮਲੇ ਸਾਹਮਣੇ ਆਏ ਹਨ। ਪਿਛਲੇ ਹਫਤੇ ਸੇਰੇਨਾ ਨੇ ਅਮਰੀਕੀ ਓਪਨ ਦੇ ਫਾਈਨਲ ਵਿਚ ਨਾਓਮੀ ਓਸਾਕਾ ਵਿਰੁੱਧ ਮੈਚ ਦੌਰਾਨ ਚੇਅਰ ਅੰਪਾਇਰ ਕਾਰਲੋਸ ਰਾਮੋਸ ਦੇ ਫੈਸਲੇ ਦਾ ਵਿਰੋਧ ਕਰਦਿਆਂ  ਉਸ ਨੂੰ 'ਝੂਠਾ' ਅਤੇ 'ਚੋਰ' ਕਹਿ ਦਿੱਤਾ ਸੀ। ਉਸ ਨੇ ਮੈਚ ਤੋਂ ਬਾਅਦ ਟੂਰਨਾਮੈਂਟ ਰੈਫਰੀ ਨੂੰ ਕਿਹਾ ਸੀ, ''ਕਿਉਂਕਿ ਮੈਂ ਮਹਿਲਾ ਹਾਂ, ਇਸ ਲਈ ਤੁਸੀਂ ਮੇਰੇ ਵਿਰੁੱਧ ਫੈਸਲਾ ਦੇ ਸਕਦੇ ਹੋ।''