ਦੋ ਹੈਟ੍ਰਿਕ ਲੈਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣੀ ਆਸਟਰੇਲੀਆ ਦੀ ਮੇਗਾਨ ਸਕਟ

09/12/2019 1:40:14 PM

ਸਪੋਰਟਸ ਡੈਸਕ— ਆਸਟਰੇਲੀਆਈ ਤੇਜ਼ ਗੇਂਦਬਾਜ਼ ਮੇਗਾਨ ਸਕਟ ਨੇ ਇੱਥੇ ਵੈਸਟਇੰਡੀਜ਼ ਖਿਲਾਫ ਤੀਜੇ ਵਨ-ਡੇ 'ਚ ਹੈਟ੍ਰਿਕ ਲੈ ਕੇ ਇਤਿਹਾਸ ਰੱਚ ਦਿੱਤਾ ਮੇਗਾਨ (24 ਦੌੜਾਂ ਦੇ ਕੇ ਤਿੰਨ ਵਿਕਟਾਂ) ਨੇ ਵੈਸਟਇੰਡੀਜ਼ ਦੇ ਪੁੱਛਲੇ ਖਿਡਾਰੀਆਂ ਨੂੰ ਪਵੇਲੀਅਨ ਭੇਜਿਆ ਜਿਸ ਦੇ ਨਾਲ ਉਹ ਵਨ-ਡੇ 'ਚ ਹੈਟ੍ਰਿਕ ਲੈਣ ਵਾਲੀ ਪਹਿਲੀ ਆਸਟਰੇਲੀਆਈ ਖਿਡਾਰੀ ਬਣ ਗਈ। ਉਨ੍ਹਾਂ ਦੀ ਇਸ ਉਪਲੱਬਧੀ ਨਾਲ ਆਸਟਰੇਲੀਆ ਨੇ ਵੈਸਟਇੰਡੀਜ਼ ਟੀਮ ਨੂੰ ਸਿਰਫ਼ 180 ਦੌੜਾਂ 'ਤੇ ਸਮੇਟ ਦਿੱਤਾ।
ਦੋ ਹੈਟ੍ਰਿਕ ਲੈਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ
ਸਕਟ ਨੇ 9.3 ਓਵਰ ਤੱਕ ਕੋਈ ਵੀ ਵਿਕਟ ਹਾਸਲ ਨਹੀਂ ਕੀਤੀ ਸੀ ਪਰ ਉਨ੍ਹਾਂ ਨੇ ਅਗਲੀਆਂ ਤਿੰਨ ਗੇਂਦਾਂ 'ਚ ਚਿਨੇਲ ਹੇਨਰੀ, ਕਰਿਸ਼ਮਾ ਰਾਮਹਾਰਾਕ ਅਤੇ ਐਫੀ ਫਲੇਚਰ ਨੂੰ ਆਊਟ ਕਰ ਇਹ ਉਪਲੱਬਧੀ  ਹਾਸਲ ਕੀਤੀ। ਜਿਸ ਦੀ ਬਦੌਲਤ ਉਹ ਸਫੇਦ ਗੇਂਦ ਦੇ ਕ੍ਰਿਕਟ 'ਚ ਦੋ ਹੈਟ੍ਰਿਕ ਲੈਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ।ਛੱਬੀ ਸਾਲ ਦੀ ਸਕਟ ਨੇ ਪਹਿਲੀ ਹੈਟ੍ਰਿਕ ਪਿਛਲੇ ਸਾਲ ਮਾਰਚ 'ਚ ਭਾਰਤ ਖਿਲਾਫ ਟਵੰਟੀ 20 ਮੈਚ 'ਚ ਹਾਸਲ ਕੀਤੀ ਸੀ। ਇਸ 'ਚ ਉਨ੍ਹਾਂ ਨੇ ਮੁੰਬਈ 'ਚ ਬਰੈਬੋਰਨ ਸਟੇਡੀਅਮ 'ਚ ਸਲਾਮੀ ਬੱਲੇਬਾਜ਼ ਸਿਮਰਤੀ ਮੰਧਾਨਾ, ਕਪਤਾਨ ਮਿਤਾਲੀ ਰਾਜ ਅਤੇ ਦੀਪਤੀ ਸ਼ਰਮਾ ਨੂੰ ਆਊਟ ਕੀਤਾ ਸੀ।
8ਵਿਕਟਾਂ ਨਾਲ ਮੈਚ 'ਚ ਜਿੱਤ
ਵੈਸਟਇੰਡੀਜ਼ ਦੇ 181 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਸਟਰੇਲੀਆ ਪੰਜ ਮੈਚਾਂ ਦੀ ਸੀਰੀਜ਼ ਦੇ ਤੀਜੇ ਮੈਚ 'ਚ ਬੁੱਧਵਾਰ ਨੂੰ ਮੇਜਬਾਨ ਟੀਮ ਨੂੰ ਅੱਠ ਵਿਕਟਾਂ ਨਾਲ ਹਾਰ ਦੇ ਕੇ ਸੀਰੀਜ਼ 'ਚ 3-0 ਨਾਲ ਅਜਿੱਤ ਬੜ੍ਹਤ ਹਾਸਲ ਕੀਤੀ।