ਮੈਥਿਊਜ਼ ਨੇ ਇਸ ਸਾਬਕਾ ਵਿਕਟਕੀਪਰ ਨੂੰ ਦਿੱਤਾ ਜਿੱਤਦਾ ਸਿਹਰਾ

06/09/2017 9:49:16 PM

ਲੰਡਨ— ਸਾਬਕਾ ਚੈਂਪੀਅਨ ਭਾਰਤ ਵਿਰੁੱਧ ਚੈਂਪੀਅਨਸ ਟਰਾਫੀ ਮੁਕਾਬਲੇ 'ਚ ਸ਼ਾਨਦਾਰ ਜਿੱਤ ਦਰਜ ਕਰਨ ਵਾਲੀ ਸ਼੍ਰੀਲੰਕਾਈ ਟੀਮ ਦੇ ਕਪਤਾਨ ਐਂਜਲੋ ਮੈਥਿਊਜ਼ ਨੇ ਇਸ ਦਾ ਸਿਹਰਾ ਸਾਬਕਾ ਧਾਕੜ ਵਿਕਟਕੀਪਰ ਬੱਲੇਬਾਜ਼ ਕੁਮਾਰ ਸੰਗਾਕਾਰਾ ਨੂੰ ਦਿੱਤਾ ਹੈ।
ਸ਼੍ਰੀਲੰਕਾ ਨੇ ਭਾਰਤ ਨੂੰ ਇਕ ਬੇਹੱਦ ਅਹਿਮ ਮੁਕਾਬਲੇ 'ਚ 7 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿਚ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ, ਜਦਕਿ ਭਾਰਤ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਭਾਰਤ ਤੇ ਸ਼੍ਰੀਲੰਕਾ ਨੂੰ ਹੁਣ ਸੈਮੀਫਾਈਨਲ 'ਚ ਪਹੁੰਚਣ ਲਈ ਆਪਣੇ-ਆਪਣੇ ਆਖਰੀ ਲੀਗ ਮੁਕਾਬਲੇ ਜਿੱਤਣੇ ਪੈਣਗੇ।


ਸ਼੍ਰੀਲੰਕਾਈ ਕਪਤਾਨ ਮੈਥਿਊਜ਼  ਨੇ ਕਿਹਾ ਕਿ ਸਾਬਕਾ ਕਪਤਾਨ ਸੰਗਾਕਾਰਾ ਨਾਲ ਗੁਜ਼ਾਰਿਆ ਗਿਆ ਉਤਸ਼ਾਹ-ਵਧਾਊ ਨੈੱਟ ਸੈਸ਼ਨ ਕਾਫੀ ਅਹਿਮ ਰਿਹਾ ਤੇ ਇਸੇ ਦਾ ਨਤੀਜਾ ਰਿਹਾ ਕਿ ਖਿਡਾਰੀਆਂ ਦੇ ਅੰਦਰ ਨਵੀਂ ਊਰਜਾ ਦਾ ਸੰਚਾਰ ਹੋ ਸਕਿਆ ਤੇ ਟੀਮ ਸ਼ਾਨਦਾਰ ਫਾਰਮ 'ਚ ਚੱਲ ਰਹੀ ਭਾਰਤੀ ਟੀਮ ਨੂੰ ਹਰਾ ਸਕੀ।
ਸ਼੍ਰੀਲੰਕਾ ਦਾ ਸਾਬਕਾ ਕਪਤਾਨ ਸੰਗਾਕਾਰਾ ਇਸ ਸਮੇਂ ਇੰਗਲੈਂਡ 'ਚ ਸਰੇ ਲਈ ਕਾਊਂਟੀ ਕ੍ਰਿਕਟ 'ਚ ਖੇਡ ਰਿਹਾ ਹੈ ਤੇ ਉਸ ਨੇ ਸ਼੍ਰੀਲੰਕਾਈ ਟੀਮ ਨਾਲ ਨੈੱਟ ਸੈਸ਼ਨ 'ਤੇ ਕੁਝ ਸਮਾਂ ਬਿਤਾਉਣ ਦੌਰਾਨ ਖੇਡ 'ਚ ਸੁਧਾਰ ਲਈ ਟਿਪਸ ਦਿੱਤੇ ਸਨ। ਨਾਲ ਹੀ ਭਾਰਤ ਨਾਲ ਮੈਚ ਤੋਂ ਪਹਿਲਾਂ ਸੰਗਾਕਾਰਾ ਨੇ ਕਿਹਾ ਸੀ ਕਿ ਸ਼੍ਰੀਲੰਕਾਈ ਟੀਮ ਨੂੰ ਮੈਚ ਵਿਚ 'ਘੁਮੰਡ' ਨਾਲ ਉਤਰਨਾ ਪਵੇਗਾ।