ਆਸਟਰੇਲੀਆ ਟੀਮ ਨੂੰ ਝਟਕਾ, ਪਾਕਿ ਖਿਲਾਫ ਮੈਚ ਤੋਂ ਪਹਿਲਾਂ ਸਟੋਨਿਸ ਸੱਟ ਕਾਰਨ ਹੋਏ ਬਾਹਰ

06/11/2019 5:56:51 PM

ਨਵੀਂ ਦਿੱਲੀ : ਆਸਟਰੇਲੀਆ ਦੇ ਆਲਰਾਊਂਡਰ ਮਾਰਕਸ ਸਟੋਨਿਸ ਬੱਖੀ 'ਚ ਖਿੱਚ ਕਾਰਣ ਪਾਕਿਸਤਾਨ ਖਿਲਾਫ ਬੁੱਧਵਾਰ ਨੂੰ ਹੋਣ ਵਾਲੇ ਆਈ. ਸੀ. ਸੀ. ਵਰਲਡ ਕੱਪ ਮੁਕਾਬਲੇ ਤੋਂ ਬਾਹਰ ਹੋ ਗਏ। ਸਟੋਨਿਸ ਹਾਲਾਂਕਿ ਵਰਲਡ ਕੱਪ ਤੋਂ ਬਾਹਰ ਨਹੀਂ ਹੋਏ ਸਗੋਂ ਉਸਨੂੰ ਪਾਕਿਸਤਾਨ ਦੇ ਨਾਲ ਹੋਣ ਵਾਲੇ ਮੈਚ ਲਈ ਬਾਹਰ ਕੀਤਾ ਗਿਆ ਹੈ। ਇਸ ਵਿਚਾਲੇ ਕ੍ਰਿਕਟ ਆਸਟਰੇਲੀਆ ਸਟੋਨਿਸ ਦੇ ਬਦਲ ਦੇ ਤੌਰ 'ਤੇ ਮਿਸ਼ੇਲ ਮਾਰਸ਼ ਨੂੰ ਇੰਗਲੈਂਡ ਰਵਾਨਾ ਕਰ ਰਿਹਾ ਹੈ।

ਸਟੋਨਿਸ ਭਾਰਤ ਖਿਲਾਫ ਮੁਕਾਬਲੇ ਵਿਚ ਜ਼ਖਮੀ ਹੋ ਗਏ ਸੀ। ਉਸ ਨੇ ਇਸ ਮੈਚ ਵਿਚ 7 ਓਵਰਾਂ ਦੀ ਗੇਂਦਬਾਜ਼ੀ ਕੀਤੀ ਸੀ ਅਤੇ 62 ਦੌੜਾਂ ਦੇ ਕੇ ਕਪਤਾਨ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਨੂੰ ਆਊਟ ਕੀਤਾ ਸੀ। ਹਾਲਾਂਕਿ ਉਹ ਭਾਰਤ ਖਿਲਾਫ ਬੱਲੇਬਾਜ਼ੀ ਵਿਚ ਕੋਈ ਕਮਾਲ ਨਹੀਂ ਕਰ ਸਕੇ ਅਤੇ ਜ਼ੀਰੋ 'ਤੇ ਆਊਟ ਹੋ ਗਏ। ਸਟੋਨਿਸ ਦਾ ਪਾਕਿਸਤਾਨ ਖਿਲਾਫ ਮੁਕਾਬਲੇ ਤੋਂ ਪਹਿਲਾਂ ਦੋਬਾਰਾ ਫਿੱਟਨੈਸ ਟੈਸਟ ਕਰਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਆਈ. ਸੀ. ਸੀ. ਦੇ ਨਿਯਮ ਮੁਤਾਬਕ ਕਿਸੇ ਵੀ ਟੀਮ ਦਾ ਖਿਡਾਰੀ ਜ਼ਖਮੀ ਹੋਣ ਕਾਰਨ ਜੇਕਰ ਵਰਲਡ ਕੱਪ ਤੋਂ ਬਾਹਰ ਹੋ ਜਾਂਦਾ ਹੈ ਤਾਂ ਉਸਨੂੰ ਵਾਪਸ ਟੀਮ 'ਚ ਸ਼ਾਮਲ ਨਹੀਂ ਕੀਤਾ ਜਾ ਸਕਦਾ।