ਟੀ-20 ਲੀਗਾਂ 'ਚ ਖਿਡਾਰੀਆਂ ਨੂੰ ਆ ਰਹੀਆਂ ਨੇ ਭੁਗਤਾਨ ਸਬੰਧੀ ਸਮੱਸਿਆਵਾਂ: ਫਿਕਾ ਰਿਪੋਰਟ

08/03/2020 10:58:28 PM

ਨਵੀਂ ਦਿੱਲੀ– ਕੌਮਾਂਤਰੀ ਕ੍ਰਿਕਟਰਾਂ ਦੇ ਮਹਾਸੰਘ ਦੀ ਤਾਜ਼ਾ ਸਾਲਾਨਾ ਰਿਪੋਰਟ ਅਨੁਸਾਰ ਕਈ ਖਿਡਾਰੀਆਂ ਨੂੰ ਦੁਨੀਆ ਭਰ ਵਿਚ ਘਰੇਲੂ ਟੀ-20 ਲੀਗਾਂ ਵਿਚ ਦੇਰੀ ਨਾਲ ਭੁਗਤਾਨ ਜਾਂ ਭੁਗਤਾਨ ਨਾ ਹੋਣ ਦੀਆਂ ਸਮੱਸਿਆਵਾਂ ਆ ਰਹੀਆਂ ਹਨ। ਜਿਨ੍ਹਾਂ ਵਿਚ ਬੰਗਲਾਦੇਸ਼ ਪ੍ਰੀਮੀਅਰ ਲੀਗ ਵੀ ਸ਼ਾਮਲ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਇਕ ਤਿਹਾਈ ਤੋਂ ਵਧੇਰੇ ਖਿਡਾਰੀਆਂ ਨੂੰ ਪ੍ਰੇਸ਼ਾਨੀਆਂ ਆਈਆਂ ਹਨ। ਫਿਕਾ ਦੀ ਪੁਰਸ਼ ਵਿਸ਼ਵ ਰੋਜ਼ਗਾਰ ਰਿਪੋਰਟ ਅਨੁਸਾਰ 34 ਫੀਸਦੀ ਖਿਡਾਰੀਆਂ ਨੂੰ ਇਹ ਸਮੱਸਿਆਵਾਂ ਆਈਆਂ ਹਨ। ਗਲੋਬਲ ਟੀ-20 ਲੀਗ ਕੈਨੇਡਾ, ਬੰਗਲਾਦੇਸ਼ ਪ੍ਰੀਮੀਅਰ ਲੀਗ, ਆਬੂਧਾਬੀ ਟੀ-10 ਲੀਗ, ਕਤਰ ਟੀ-10 ਲੀਗ, ਯੂਰੋ ਟੀ-20 ਸਲੈਮ ਤੇ ਮਾਸਟਰਸ ਚੈਂਪੀਅਨਸ ਲੀਗ ਵਿਚ ਭੁਗਤਾਨ ਸਬੰਧੀ ਦਿੱਕਤ ਆਈ ਹੈ।
ਇਨ੍ਹਾਂ ਵਿਚ ਬੀ. ਪੀ. ਐੱਲ. ਕਿਸੇ ਫੁੱਲ ਮੈਂਬਰ ਦੇਸ਼ ਵਲੋਂ ਆਯੋਜਿਤ ਇਕਲੌਤੀ ਲੀਗ ਹੈ ਜਦਕਿ ਬਾਕੀ ਲੀਗਾਂ ਵਿਚ ਵੀ ਦੁਨੀਆ ਦੇ ਮੰਨੇ-ਪ੍ਰਮੰਨੇ ਖਿਡਾਰੀਆਂ ਨੇ ਹਿੱਸਾ ਲਿਆ ਹੈ। ਫਿਕਾ ਨੇ ਆਈ. ਸੀ. ਸੀ. ਨੂੰ ਇਸ ਮਾਮਲੇ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਕਿਹਾ ਹੈ। ਫਿਕਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਟਾਮ ਮੋਫਾਟ ਨੇ ਕਿਹਾ,''ਕਰਾਰ ਦੀ ਉਲੰਘਣਾ ਤੇ ਖਿਡਾਰੀਆਂ ਨੂੰ ਭੁਗਤਾਨ ਨਾ ਕਰਨ ਦੇ ਮਾਮਲੇ 'ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਆਈ. ਸੀ. ਸੀ. ਨੂੰ ਇਸ ਦਿਸ਼ਾ ਵਿਚ ਕੋਸ਼ਿਸ਼ ਕਰਨੀ ਪਵੇਗੀ।''

Gurdeep Singh

This news is Content Editor Gurdeep Singh