ਭਾਰਤੀ ਹਾਕੀ ਕਪਤਾਨ ਨੂੰ ਕਿਹਾ ਗਿਆ ''ਗੈੱਟ ਆਊਟ''

12/13/2018 4:52:37 PM

ਨਵੀਂ ਦਿੱਲੀ— ਹਾਕੀ ਵਿਸ਼ਵ ਕੱਪ ਦੇ ਦੌਰਾਨ ਉਸ ਸਮੇਂ ਵਿਵਾਦ ਦਾ ਮਾਹੌਲ ਬਣ ਗਿਆ ਜਦੋਂ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਆਪਣੇ ਕੁਝ ਸਾਥੀਆਂ ਨਾਲ ਇਕ ਹੋਟਲ ਦੇ ਵੀ.ਆਈ.ਪੀ. ਲਾਂਜ 'ਚ ਪਹੁੰਚੇ। ਇੱਥੇ ਹਾਕੀ ਪ੍ਰਸ਼ੰਸਕ ਉਨ੍ਹਾਂ ਦੇ ਆਟੋਗ੍ਰਾਫ ਅਤੇ ਸੈਲਫੀ ਲੈਣਾ ਚਾਹ ਰਹੇ ਸਨ ਪਰ ਮੌਕੇ 'ਤੇ ਮੌਜੂਦ ਹਾਕੀ ਇੰਡੀਆ ਦੇ ਇਕ ਉੱਚ ਦਰਜੇ ਦੇ ਅਧਿਕਾਰੀ ਨੂੰ ਇਹ ਗੱਲ ਸਹੀ ਨਾ ਲੱਗੀ। ਦੋਸ਼ ਹੈ ਕਿ ਉਨ੍ਹਾਂ ਨੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਭਾਰਤੀ ਕਪਤਾਨ ਸਮੇਤ ਸਾਰੇ ਖਿਡਾਰੀਆਂ ਨੂੰ ਗੈੱਟ ਆਊਟ ਕਹਿ ਦਿੱਤਾ। ਮਾਮਲਾ ਵਧਦਾ ਦੇਖ ਭਾਰਤੀ ਕਪਤਾਨ ਨੂੰ ਸਪੱਸ਼ਟੀਕਰਨ ਦੇਣ ਲਈ ਅੱਗੇ ਆਉਣਾ ਪਿਆ। ਮਨਪ੍ਰੀਤ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਇਹ ਇਕ ਮਾਮੂਲੀ ਗੱਲ ਸੀ ਜਿਸ ਦਾ ਤਿਲ ਦਾ ਤਾੜ ਬਣਾਇਆ ਜਾ ਰਿਹਾ ਹੈ। ਦਰਅਸਲ ਉੱਥੇ ਵੀ.ਆਈ.ਪੀ. ਲਾਂਜ 'ਚ ਖਿਡਾਰੀਆਂ ਦੇ ਜਾਣ 'ਤੇ ਪਾਬੰਦੀ ਸੀ। ਅਸੀਂ ਗ਼ਲਤੀ ਨਾਲ ਉੱਥੇ ਗਏ। ਇਹ ਸਾਡੀ ਗਲਤੀ ਸੀ। ਜ਼ਿਕਰਯੋਗ ਹੈ ਕਿ ਜਿਸ ਸਮੇਂ ਇਹ ਘਟਨਾ ਹੋਈ ਉਦੋਂ ਲਾਂਜ 'ਚ ਦੂਜੇ ਦੇਸ਼ ਦੇ ਕਈ ਸਾਬਕਾ ਖਿਡਾਰੀ ਮੌਜੂਦ ਸਨ। ਇਨ੍ਹਾਂ 'ਚੋਂ ਕਿਸੇ ਇਕ ਨੇ ਸੋਸ਼ਲ ਸਾਈਟਸ 'ਤੇ ਘਟਨਾ ਦਾ ਜ਼ਿਕਰ ਕਰਦੇ ਹੋਏ ਖਿਡਾਰੀਆਂ ਦੇ ਨਾਲ ਇਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਕਰਨ ਲਈ ਅਧਿਕਾਰੀ ਨੂੰ ਝਾੜ ਪਾਈ ਸੀ।

ਇਹ ਹੈ ਮਾਮਲਾ
ਦਰਅਸਲ, ਭਾਰਤੀ ਟੀਮ ਕੈਨੇਡਾ ਅਤੇ ਨੀਦਰਲੈਂਡ ਵਿਚਾਲੇ ਚਲ ਰਹੇ ਮੈਚ ਦੇਖਣ ਪਹੁੰਚੀ ਸੀ ਕਿਉਂਕਿ ਭਾਰਤ ਦਾ ਮੁਕਾਬਲਾ ਕੁਆਰਟਰ ਫਾਈਨਲ 'ਚ ਨੀਦਰਲੈਂਡ ਨਾਲ ਹੋਣਾ ਹੈ। ਅਜਿਹੇ 'ਚ ਨੀਦਰਲੈਂਡ ਦੇ ਖਿਲਾਫ ਰਣਨੀਤੀ ਬਣਾਉਣ 'ਚ ਭਾਰਤੀ ਖਿਡਾਰੀਆਂ ਨੂੰ ਮਦਦ ਮਿਲ ਸਕਦੀ ਸੀ। ਇਸ ਲਈ ਭਾਰਤੀ ਕੋਚ ਹਰਿੰਦਰ ਸਿੰਘ, ਕਪਤਾਨ ਮਨਪ੍ਰੀਤ ਸਿੰਘ ਅਤੇ ਕੁਝ ਹੋਰ ਖਿਡਾਰੀ ਮੈਚ ਦੇਖਣ ਪਹੁੰਚੇ। ਇਸ ਵਿਚਾਲੇ ਮਨਪ੍ਰੀਤ ਅਤੇ ਕੁਝ ਹੋਰ ਖਿਡਾਰੀ ਵੀ.ਆਈ.ਪੀ. ਲਾਂਜ 'ਚ ਚਲੇ ਗਏ। ਉੱਥੇ ਹੀ ਇਸ ਅਧਿਕਾਰੀ ਨੇ ਉਨ੍ਹਾਂ ਨੂੰ ਫਿਟਕਾਰ ਲਗਾਉਂਦੇ ਹੋਏ ਕਿਹਾ- ਗੈੱਟ ਆਊਟ ਆਫ ਹੀਆਰ। ਵਟ ਆਰ ਯੂ ਡੂਇੰਗ ਹੀਅਰ।

ਹਾਕੀ ਇੰਡੀਆ ਨੇ ਦਿੱਤੀ ਸਫਾਈ
ਮਨਪ੍ਰੀਤ ਵੱਲੋਂ ਮਾਮਲੇ ਦੀ ਹਕੀਕਤ ਸਾਹਮਣੇ ਲਿਆਏ ਜਾਣ ਦੇ ਬਾਵਜੂਦ ਵੀ ਸੋਸ਼ਲ ਮੀਡੀਆ 'ਤੇ ਇਹ ਮਾਮਲਾ ਗਰਮਾ ਰਿਹਾ ਹੈ ਤਾਂ ਆਖਰਕਾਰ ਹਾਕੀ ਇੰਡੀਆ ਨੇ ਅੱਗੇ ਆ ਕੇ ਸਫਾਈ ਦਿੱਤੀ ਹੈ। ਹਾਕੀ ਇੰਡੀਆ ਨੇ ਸਾਫ ਕੀਤਾ ਕਿ ਖਿਡਾਰੀਆਂ ਨੂੰ ਵੀ.ਆਈ.ਪੀ. ਲਾਂਜ 'ਚ ਜਾਣ ਦੀ ਇਜਾਜ਼ਤ ਨਹੀਂ ਹੈ। ਇਹ ਨਿਯਮਾਂ ਦੀ ਉਲੰਘਣਾ ਹੈ। ਇਸ 'ਚ ਖਿਡਾਰੀ ਸਸਪੈਂਡ ਤਕ ਹੋ ਸਕਦੇ ਹਨ। ਹਾਕੀ ਇੰਡੀਆ ਨੇ ਦਾਅਵਾ ਕੀਤਾ ਕਿ ਪੂਰੇ ਟੂਰਨਾਮੈਂਟ ਦੇ ਦੌਰਾਨ ਕਦੀ ਵੀ ਖਿਡਾਰੀਆਂ 'ਤੇ ਚੀਖਿਆ ਨਹੀਂ ਗਿਆ। ਖਿਡਾਰੀਆਂ ਨੂੰ ਇਸ ਬਾਰੇ ਜਾਣਕਾਰੀ ਹੈ ਕਿ ਕਿਸ ਖੇਤਰ 'ਚ ਜਾਣਾ ਹੈ ਅਤੇ ਕਿਸ 'ਚ ਨਹੀਂ। ਕੋਚ ਅਤੇ ਐੱਫ.ਆਈ.ਐੱਚ ਵੱਲੋਂ ਦੋ ਵਾਰ ਇਸ ਬਾਰੇ ਚਿਤਾਵਨੀ ਵੀ ਦਿੱਤੀ ਜਾ ਚੁੱਕੀ ਹੈ।

Tarsem Singh

This news is Content Editor Tarsem Singh