FIH ਐਵਾਰਡ ਦੀ ਦੌੜ ਵਿਚ ਮਨਪ੍ਰੀਤ, ਵਿਵੇਕਾ  ਤੇ ਲਾਲਰੇਮਸਿਆਮੀ

12/16/2019 6:14:34 PM

ਨਵੀਂ ਦਿੱਲੀ : ਕੌਮਾਂਤਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਨੇ ਸਾਲ ਦੇ ਆਪਣੇ ਵੱਕਾਰੀ ਹਾਕੀ ਸਟਾਰ ਪੁਰਸਕਾਰਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ ਭਾਰਤੀ ਸੀਨੀਅਰ ਪੁਰਸ਼ ਟੀਮ ਤੋਂ ਭਾਰਤੀ ਕਪਤਾਨ ਮਨਪ੍ਰੀਤ ਸਿੰਘ ਤੇ ਮਿਡਫੀਲਡਰ ਵਿਵੇਕ ਸਾਗਰ ਅਤੇ ਮਹਿਲਾ ਟੀਮ ਦੀ ਸਟ੍ਰਾਈਕਰ ਲਾਲਰੇਮਸਿਆਮੀ ਸ਼ਾਮਲ ਹਨ। ਐੱਫ. ਆਈ. ਐੱਚ. ਐਵਾਰਡਾਂ ਵਿਚ ਕਪਤਾਨ ਮਨਪ੍ਰੀਤ ਨੂੰ ਸਾਲ ਦੇ ਸਰਵਸ੍ਰੇਸ਼ਠ ਖਿਡਾਰੀਆਂ ਦੀ ਸੂਚੀ ਵਿਚ ਜਗ੍ਹਾ ਮਿਲੀ ਹੈ, ਜਿੱਥੇ ਉਸਦੇ ਨਾਲ ਆਸਟਰੇਲੀਆ ਦੇ ਐਡੀ ਓਕੇਨਡੇਨ ਤੇ ਅਰਾਨ ਜੇਲਵੇਸਕੀ, ਅਰਜਨਟੀਨਾ ਦੇ ਲੁਕਾਸ ਵਿਲਾ ਤੇ ਬੈਲਜੀਅਮ ਦੇ ਵਿਕਟਰ ਵੇਗਨੇਜ ਅਤੇ ਆਰਥਰ ਵਾਨ ਡੋਰੇਨ ਸ਼ਾਮਲ ਹਨ। ਰਾਈਜਿੰਗ ਸਟਾਰ ਆਫ ਦਿ ਈਅਰ ਦੇ ਪੁਰਸ਼ ਵਰਗਾਂ ਵਿਚ ਭਾਰਤੀ ਟੀਮ ਦੇ ਮਿਡਫੀਲਡਰ ਵਿਵੇਕ ਸਾਗਰ ਪ੍ਰਸਾਦ ਵੀ ਦੌੜ ਵਿਚ ਜਗ੍ਹਾ ਬਣਾਉਣ ਵਿਚ ਕਾਮਯਾਬ ਰਿਹਾ ਹੈ। ਉਸਦੇ ਨਾਲ ਅਰਜਨਟੀਨਾ ਦੇ ਮਾਇਕੋ ਕੈਸੇਲਾ, ਆਸਟਰੇਲੀਆ ਦੇ ਬਲੇਕ ਗੋਵਰਸ, ਬ੍ਰਿਟੇਨ ਦੇ ਜੈਕਰੀ ਵਾਲੇਸ ਅਤੇ ਹਾਲੈਂਡ ਦੇ ਡੋਨਸ ਡੀ ਗਿਊਸ ਸ਼ਾਮਲ ਹੈ। ਰਾਈਜ਼ਿੰਗ ਸਟਾਰ ਆਫ ਦਿ ਈਅਰ ਦੇ ਮਹਿਲਾ ਵਰਗ ਵਿਚ ਭਾਰਤੀ ਮਹਿਲਾ ਟੀਮ ਦੀ ਸਟਾਰ ਸਟ੍ਰਾਈਕਰ ਲਾਲਰੇਮਸਿਆਮੀ ਨੇ ਦੁਨੀਆ ਭਰ ਦੀ ਕਈ ਵੱਡੀ ਖਿਡਾਰਨਾਂ ਵਿਚਾਲੇ ਜਗ੍ਹਾ ਬਣਾਈ ਹੈ। ਇਸ ਹੋੜ ਵਿਚ ਅਰਜਨਟੀਨਾ ਦੀ ਜੁਲੀਏਟ ਜਾਨਕੁਨਾਸ, ਚੀਨ ਦੀ ਝੋਂਗ ਜਿਆਕੀ, ਜਰਮਨੀ ਦੀ ਨਾਈਕ ਲੋਰੇਂਜ਼ ਤੇ ਹਾਲੈਂਡ ਦੀ ਫ੍ਰੇਡਰਿਕ ਮਾਟਲਾ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਜੇਤੂਆਂ ਦਾ ਫੈਸਲਾ ਮੀਡੀਆ ਦੇ 25 ਫੀਸਦੀ, ਪ੍ਰਸ਼ੰਸਕਾਂ ਦੇ 25 ਫੀਸਦੀ ਤੇ ਰਾਸ਼ਟਰੀ ਸੰਘਾਂ (ਕੌਮਾਂਤਰੀ ਐਥਲੀਟ ਤੇ ਕੋਚ) ਦੀਆਂ 50 ਫੀਸਦੀ ਵੋਟਾਂ ਦੇ ਆਧਾਰ 'ਤੇ ਕੀਤਾ ਜਾਵੇਗਾ।  ਸਾਰਿਆਂ ਕੋਲ 17 ਜਨਵਰੀ 2020 ਤਕ ਵੋਟ ਕਰਨ ਦਾ ਅਧਿਕਾਰ ਹੋਵੇਗਾ। ਐੱਫ. ਆਈ. ਐੱਚ. ਹਾਕੀ ਸਟਾਰਸ ਐਵਾਰਡ ਦਾ ਐਲਾਨ ਫਰਵਰੀ 2020 ਨੂੰ ਕੀਤਾ ਜਾਵੇਗਾ।