ਮੰਜੂ ਨੇ ਵਿਸ਼ਵ ਜੂਨੀਅਰ ਕੁਸ਼ਤੀ ''ਚ ਜਿੱਤਿਆ ਕਾਂਸੀ ਦਾ ਤਮਗਾ

08/04/2017 3:57:35 PM

ਨਵੀਂ ਦਿੱਲੀ— ਭਾਰਤ ਦੀ ਮੰਜੂ ਕੁਮਾਰੀ ਨੇ ਫਿਨਲੈਂਡ ਦੇ ਸ਼ਹਿਰ ਟੇਮਪੇਰੇ 'ਚ ਚਲ ਰਹੀ ਵਿਸ਼ਵ ਜੂਨੀਅਰ ਕੁਸ਼ਤੀ ਪ੍ਰਤੀਯੋਗਿਤਾ 'ਚ ਮਹਿਲਾਵਾਂ ਦੇ 59 ਕਿਲੋਵਰਗ 'ਚ ਕਾਂਸੀ ਦਾ ਤਮਗਾ ਜਿੱਤ ਲਿਆ ਹੈ। ਭਾਰਤ ਦਾ ਟੂਰਨਾਮੈਂਟ 'ਚ ਇਹ ਦੂਜਾ ਤਮਗਾ ਸੀ। ਇਸ ਤੋਂ ਪਹਿਲਾਂ ਪੁਰਸ਼ ਫ੍ਰੀ ਸਟਾਈਲ ਵਰਗ 'ਚ ਵੀਰਦੇਵ ਗੁਲੀਆ ਨੇ 74 ਕਿਲੋਗ੍ਰਾਮ ਵਰਗ 'ਚ ਸੋਨ ਤਮਗਾ ਜਿੱਤਿਆ ਸੀ। ਵੀਰਵਾਰ ਨੂੰ ਮਹਿਲਾ ਵਰਗ ਦੇ ਮੁਕਾਬਲੇ ਸ਼ੁਰੂ ਹੋਏ ਅਤੇ ਚਾਰ ਵਜ਼ਨ ਵਰਗਾਂ 'ਚ ਸਿਰਫ ਮੰਜੂ ਹੀ ਕਾਂਸੀ ਦੇ ਤਮਗੇ ਦੇ ਮੁਕਾਬਲੇ 'ਚ ਪਹੁੰਚ ਸਕੀ ਅਤੇ ਮੰਜੂ ਨੇ ਕਾਂਸੀ ਤਮਗਾ ਜਿੱਤ ਲਿਆ। ਮੰਜੂ ਨੇ ਪ੍ਰੀ ਕੁਆਰਟਰਫਾਈਨਲ 'ਚ ਬੁਲਗਾਰੀਆ ਦੇ ਐਲੇਕਸਾਂਦ੍ਰਿਨਾ ਕਾਸ਼ੀਨੋਵਾ ਨੂੰ 5-1 ਨਾਲ ਹਰਾਇਆ ਪਰ ਉਹ ਕੁਆਰਟਰਫਾਈਨਲ 'ਚ ਜਾਪਾਨ ਦੀ ਯੂਜੁਰੂ ਕੁਮਾਨੋ ਤੋਂ 0-10 ਨਾਲ ਹਾਰ ਗਈ।

ਮੰਜੂ ਨੇ ਰੇਪਚੇਜ਼ 'ਚ ਕੈਨੇਡਾ ਦੀ ਤਿਆਨਾ ਗ੍ਰੇਸ ਨੂੰ 4-0 ਨਾਲ ਹਰਾ ਕੇ ਕਾਂਸੀ ਤਮਗੇ ਦੇ ਮੁਕਾਬਲੇ 'ਚ ਪ੍ਰਵੇਸ਼ ਕਰ ਲਿਆ ਜਿੱਥੇ ਉਨ੍ਹਾਂ ਨੇ ਯੂਕ੍ਰੇਨ ਦੀ ਇਲੋਨਾ ਪ੍ਰੋਕੋਪੇਵਨਿਊਕ ਨੂੰ 2-0 ਨਾਲ ਹਰਾ ਕੇ ਦੇਸ਼ ਨੂੰ ਕਾਂਸੀ ਤਮਗਾ ਦਿਵਾ ਦਿੱਤਾ। 44 ਕਿਲੋਵਰਗ 'ਚ ਦਿਵਿਆ ਤੋਮਰ ਨੂੰ ਰੇਪਚੇਜ਼ 'ਚ ਬੁਲਗਾਰੀਆ ਦੀ ਫਾਤਮੇ ਇਬ੍ਰਾਈਮੋਵਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਕਾਂਸੀ ਦੇ ਤਮਗੇ ਦੇ ਮੁਕਾਬਲੇ 'ਚ ਜਾਣ ਤੋਂ ਖੁੰਝੀ ਗਈ।

51 ਕਿਲੋਵਰਗ 'ਚ ਨੰਦਿਨੀ ਸਲੋਖੇ ਨੂੰ ਮੰਗੋਲੀਆ ਦੀ ਬੋਲੋਰ ਐਰਡੇਨ ਨੇ 10-4 ਨਾਲ ਹਰਾਇਆ ਜਦਕਿ 67 ਕਿਲੋਗ੍ਰਾਮ 'ਚ ਪੂਜਾ ਦੀ ਚੁਣੌਤੀ ਪ੍ਰੀ ਕੁਆਰਟਰਫਾਈਨਲ 'ਚ ਟੁੱਟ ਗਈ। ਜਰਮਨੀ ਦੀ ਥੇਰੇਸਾ ਐਲਿਸਾ ਨੇ ਪੂਜਾ ਨੂੰ 6-3 ਨਾਲ ਹਰਾਇਆ। ਇਸ ਤੋਂ ਪਹਿਲਾਂ ਪੁਰਸ਼ਾਂ ਦੇ 84 ਕਿਲੋਗ੍ਰਾਮ ਫ੍ਰੀ ਸਟਾਈਲ ਵਰਗ 'ਚ ਦੀਪਕ ਪੂਨੀਆ ਨੂੰ ਕਾਂਸੀ ਤਮਗੇ ਦੇ ਮੁਕਾਬਲੇ 'ਚ ਅਜ਼ਰਬੇਜਾਨ ਦੇ ਗਦਜਹੀਮੁਰਾਦ ਮੈਗੋਮੈਦਸੇਦੋਵ ਤੋਂ 0-10 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।