ਮਨਦੀਪ ਦੀ ਹੈਟ੍ਰਿਕ ਨਾਲ ਜਾਪਾਨ ਨੂੰ ਹਰਾ ਕੇ ਭਾਰਤ ਓਲੰਪਿਕ ਟੈਸਟ ਟੂਰਨਾਮੈਂਟ ਦੇ ਫਾਈਨਲ 'ਚ

08/20/2019 2:31:29 PM

ਸਪੋਰਸਟ ਡੈਸਕ— ਭਾਰਤ ਦੇ ਸਟ੍ਰਾਈਕਰ ਮਨਦੀਪ ਸਿੰਘ ਦੀ ਹੈਟ੍ਰਿਕ ਦੀ ਮਦਦ ਨਾਲ ਭਾਰਤੀ ਹਾਕੀ ਟੀਮ ਨੇ ਜਾਪਾਨ ਨੂੰ 6-3 ਨਾਲ ਹਰਾ ਕੇ ਓਲੰਪਿਕ ਟੈਸਟ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾ ਲਈ। ਇਸ ਤੋਂ ਪਹਿਲਾ ਭਾਰਤ ਨੂੰ ਤੀਜੇ ਮੈਚ 'ਚ ਨਿਊਜ਼ੀਲੈਂਡ ਨੇ 2-1 ਨਾਲ ਹਰਾਇਆ ਸੀ। ਹੁਣ ਫਾਈਨਲ 'ਚ ਬੁੱਧਵਾਰ ਨੂੰ ਭਾਰਤੀ ਟੀਮ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੀ ਹੋਵੇਗਾ। ਸ਼ੁਰੂਆਤੀ ਬੜ੍ਹਤ ਬਣਾਉਣ ਤੋਂ ਬਾਅਦ ‍ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਨੇ ਜਾਪਾਨੀ ਡਿਫੈਂਸ 'ਤੇ ਦਬਾਅ ਬਣਾਏ ਰੱਖਿਆ ਤੇ ਗੋਲ ਕਰਨ ਦੇ ਜ਼ਿਆਦਾ ਮੌਕੇ ਨਹੀਂ ਦਿੱਤੇ। ਭਾਰਤ ਦੇ ਖੁਰਾਂਟ ਸਟ੍ਰਾਈਕਰ ਮਨਦੀਪ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੈਚ ਦੇ 9ਵੇਂ, 29ਵੇਂ ਅਤੇ 30ਵੇਂ ਮਿੰਟ 'ਚ ਗੋਲ ਕੀਤੇ। ਜਦ ਕਿ ਦੂਜੇ ਪਾਸੇ ਭਾਰਤੀ ਖਿਡਾਰੀ ਨੀਲਾਕਾਂਤਾ ਸ਼ਰਮਾ ਨੇ ਤੀਜੇ, ਨੀਲਮ ਸੰਜੀਪ ਸੇਸ ਨੇ ਸੱਤਵੇਂ ਅਤੇ ਗੁਰਜੰਤ ਸਿੰਘ ਨੇ 41ਵੇਂ ਮਿੰਟ 'ਚ ਗੋਲ ਕੀਤੇ। ਜਾਪਾਨ ਵਲੋਂ ਕੇਂਤਾਰੋ ਫੁਕੁਡਾ ਨੇ 25ਵੇਂ ਮਿੰਟ, ਕੇਂਤਾ ਤਨਾਕਾ ਨੇ 36ਵੇਂ ਮਿੰਟ ਅਤੇ ਕਾਜੁਮਾ ਮੁਰਾਤਾ 52ਵੇਂ ਮਿੰਟ 'ਚ ਗੋਲ ਕੀਤੇ। ਭਾਰਤ ਇਸ ਜਿੱਤ ਨਾਲ ਪੁਵਾਇੰਟ ਟੇਬਲ 'ਚ ਦੂਜੇ ਸਥਾਨ 'ਤੇ ਪਹੁੰਚ ਗਿਆ ਜਦ ਕਿ ਨਿਊਜ਼ੀਲੈਂਡ ਟਾਪ 'ਤੇ ਬਣੀ ਹੋਈ ਹੈ।