ਇਰਾਕ ਦਾ ਸੁਪਨਾ ਤੋੜਕੇ ਮਲੀ ਨੇ ਬਣਾਈ ਕੁਆਰਟਰਫਾਈਨਲ 'ਚ ਜਗ੍ਹਾ

10/18/2017 10:08:57 AM

ਮਡਗਾਂਵ, (ਬਿਊਰੋ)— ਲਸਾਨਾ ਐਨਡਿਯਾਏ ਦੇ ਦੋ ਗੋਲਾਂ ਦੀ ਮਦਦ ਨਾਲ ਮਲੀ ਨੇ ਅੱਜ ਇੱਥੇ ਇਰਾਕ ਨੂੰ ਇਕਤਰਫਾ ਮੁਕਾਬਲੇ ਵਿਚ 5-1 ਨਾਲ ਹਰਾ ਕੇ ਸ਼ਾਨ ਨਾਲ ਫੀਫਾ ਅੰਡਰ-17 ਵਿਸ਼ਵ ਕੱਪ ਦੇ ਕੁਆਰਟਰਫਾਈਨਲ ਵਿਚ ਜਗ੍ਹਾ ਬਣਾ ਲਈ। ਹੁਣ ਤੱਕ ਹਰ ਮੈਚ ਵਿਚ ਗੋਲ ਕਰਨ ਵਾਲੇ ਐਨਡਿਆਏ ਨੇ 33ਵੇਂ ਤੇ ਦੂਜੇ ਹਾਫ ਦੇ ਇੰਜਰੀ ਟਾਈਮ (94ਵੇਂ ਮਿੰਟ) ਵਿਚ ਗੋਲ ਕੀਤਾ। ਉਸਦੇ ਇਲਾਵਾ ਹਾਦਜੀ ਡ੍ਰੇਮ (25ਵੇਂ), ਫੋਡੇ ਕੋਨਾਟੇ (73ਵੇਂ) ਤੇ ਸੇਮੇ ਕਮਾਰਾ (87ਵੇਂ ਮਿੰਟ) ਨੇ ਗੋਲ ਕੀਤੇ। 

ਇਰਾਕ ਵੱਲੋਂ ਇਕਲੌਤਾ ਗੋਲ ਅਲੀ ਕਰੀਮ ਨੇ 85ਵੇਂ ਮਿੰਟ ਵਿਚ ਕੀਤਾ। ਮਲੀ ਸ਼ਨੀਵਾਰ ਨੂੰ ਗੁਹਾਟੀ ਵਿਚ ਹੋਣ ਵਾਲੇ ਕੁਆਰਟਰਫਾਈਨਲ ਵਿਚ ਆਪਣੇ ਅਫਰੀਕੀ ਵਿਰੋਧੀਆਂ ਘਾਨਾ ਤੇ ਨਾਈਜਰ ਵਿਚਾਲੇ ਹੋਣ ਵਾਲੇ ਪ੍ਰੀ ਕੁਆਰਟਰਫਾਈਨਲ ਮੈਚ ਦੇ ਜੇਤੂ ਨਾਲ ਭਿੜੇਗਾ। ਮਲੀ ਦੀ ਟੀਮ ਨੇ ਸ਼ੁਰੂ ਤੋਂ ਹੀ ਦਬਾਅ ਬਣਾ ਦਿੱਤਾ ਸੀ ਤੇ ਹਾਦਜੀ ਨੇ ਉਸ ਨੂੰ ਜਲਦੀ ਹੀ ਬੜ੍ਹਤ ਵੀ ਦਿਵਾ ਦਿੱਤੀ ਸੀ।  ਸਲਾਮ ਜਿਦੋਓ ਨੇ ਖੱਬੇ ਪਾਸੇ ਤੋਂ ਗੇਂਦ ਬਣਾਈ ਤੇ ਉਸ ਨੂੰ ਹਾਦਜੀ ਨੂੰ ਸੌਂਪੀ ਜਿਸ ਨੇ ਇਸ ਟੂਰਨਾਮੈਂਟ ਦੇ ਇਤਿਹਾਸ ਦਾ 2000ਵਾਂ ਗੋਲ ਵੀ ਕੀਤਾ।

ਅਫਰੀਕੀ ਟੀਮ ਨੇ ਅੱਧੇ ਘੰਟੇ ਦੀ ਖੇਡ ਪੂਰਾ ਹੋਣ ਦੇ ਕੁਝ ਦੇਰ ਬਾਅਦ ਅਪਾਣੀ ਬੜਤ ਦੁੱਗਣੀ ਕਰ ਦਿੱਤੀ। ਉਸ ਨੇ ਜਿਮੂਸਾ ਟ੍ਰਾਓਰੇ ਦੇ ਕ੍ਰਾਸ 'ਤੇ ਹੈਡਰ ਨਾਲ ਇਹ ਗੋਲ ਕੀਤਾ। ਕੋਨਾਟੇ ਨੇ ਇਸ ਤੋਂ ਬਾਅਦ ਗੋਲਕੀਪਰ ਅਲੀ ਇਬਾਦੀ ਨੂੰ ਝਕਾਨੀ ਦੇ ਕੇ ਮਲੀ ਵਲੋਂ ਤੀਜਾ ਗੋਲ ਕੀਤਾ। ਏਸ਼ੀਆਈ ਟੀਮ ਵਲੋਂ ਅਲੀ ਕਰੀਮ ਨੇ ਇਕ ਗੋਲ ਕੀਤਾ ਪਰ ਇਸ ਤੋਂ ਬਾਅਦ ਮਲੀ ਨੇ ਆਖਰੀ ਪਲਾਂ ਵਿਚ ਦੋ ਗੋਲ ਕਰ ਦਿੱਤੇ।  ਐਨਡਿਆਏ ਇਸ ਤਰ੍ਹਾਂ ਨਾਲ ਟੂਰਨਾਮੈਂਟ ਵਿਚ ਹੁਣ ਤਕ ਪੰਜ ਗੋਲ ਕਰ ਚੁੱਕਾ ਹੈ।