ਕ੍ਰਿਕਟ ''ਚ ਆਪਣੀ ਵਾਪਸੀ ''ਤੇ ਧੋਨੀ ਨੇ ਦਿੱਤਾ ਵੱਡਾ ਬਿਆਨ, ਜਾਣੋ ਕੀ ਕਿਹਾ

11/28/2019 11:08:04 AM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਜਨਵਰੀ ਤਕ ਕ੍ਰਿਕਟ ਦੇ ਮੈਦਾਨ 'ਤੇ ਟੀਮ ਇੰਡੀਆ ਵੱਲੋਂ ਖੇਡਦੇ ਨਜ਼ਰ ਨਹੀਂ ਆਉਣਗੇ। ਧੋਨੀ ਨੇ ਬੁੱਧਵਾਰ ਨੂੰ ਉਨ੍ਹਾਂ ਦੀ ਵਾਪਸੀ 'ਤੇ ਕੀਤੇ ਗਏ ਸਵਾਲ 'ਚ ਕਿਹਾ ਕਿ ਇਸ ਬਾਰੇ ਉਨ੍ਹਾਂ ਤੋਂ ਜਨਵਰੀ ਤਕ ਨਾ ਪੁੱਛੋ। ਆਈ. ਸੀ. ਸੀ. ਵਰਲਡ ਕੱਪ ਸੈਮੀਫਾਈਨਲ 'ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਏ ਮੁਕਾਬਲੇ ਦੇ ਬਾਅਦ ਤੋਂ ਧੋਨੀ ਨੇ ਟੀਮ ਇੰਡੀਆ ਲਈ ਕੋਈ ਮੈਚ ਨਹੀਂ ਖੇਡਿਆ ਹੈ। ਭਾਰਤ ਨੇ ਵਿਸ਼ਵ ਕੱਪ ਦੇ ਬਾਅਦ ਤੋਂ ਹੁਣ ਤਕ ਤਿੰਨ ਦੇਸ਼ਾਂ ਖਿਲਾਫ ਸੀਰੀਜ਼ ਖੇਡੀ ਹੈ ਜਿਸ 'ਚ ਧੋਨੀ ਦੀ ਚੋਣ ਨਹੀਂ ਕੀਤੀ ਗਈ। ਵੈਸਟਇੰਡੀਜ਼, ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਖਿਲਾਫ ਧੋਨੀ ਨੇ ਸੀਰੀਜ਼ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ।

ਮੰਗਲਵਾਰ ਨੂੰ ਅਜਿਹੀਆਂ ਖਬਰਾਂ ਆਈਆਂ ਸਨ ਕਿ ਧੋਨੀ ਇੰਡੀਅਨ ਪ੍ਰੀਮੀਅਰ ਲੀਗ ਤੋਂ ਬਾਅਦ ਆਪਣੇ ਭਵਿੱਖ ਨੂੰ ਲੈ ਕੇ ਫੈਸਲਾ ਕਰਨ ਵਾਲੇ ਹਨ। 38 ਸਾਲ ਦੇ ਹੋ ਚੁੱਕੇ ਧੋਨੀ ਆਈ. ਪੀ. ਐੱਲ. 'ਚ ਚੇਨਈ ਸੁਪਰ ਕਿੰਗਜ਼ ਟੀਮ ਦੀ ਕਪਤਾਨੀ ਕਰਦੇ ਹਨ। 6 ਦਸੰਬਰ ਤੋਂ ਵੈੱਸਟਇੰਡੀਜ਼ ਖਿਲਾਫ ਸ਼ੁਰੂ ਹੋ ਰਹੀ ਸੀਰੀਜ਼ ਲਈ ਵੀ ਧੋਨੀ ਦੀ ਚੋਣ ਨਹੀਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕ੍ਰਿਕਟ ਟੀਮ ਦੇ ਮੁੱਖ ਚੋਣਕਰਤਾ ਐੱਮ. ਐੱਸ. ਕੇ. ਪ੍ਰਸਾਦ ਨੇ ਕੁਝ ਦਿਨ ਪਹਿਲਾਂ ਹੀ ਇਹ ਸਾਫ ਕੀਤਾ ਕਿ ਹੁਣ ਧੋਨੀ ਤੋਂ ਅੱਗੇ ਵੱਧ ਕੇ ਸੋਚਣ ਦਾ ਸਮਾਂ ਆ ਗਿਆ ਹੈ। ਧੋਨੀ ਦੀ ਜਗ੍ਹਾ ਆਈ. ਸੀ. ਸੀ. ਟੀ-20 ਵਿਸ਼ਵ ਕੱਪ 'ਚ ਰਿਸ਼ਭ ਪੰਤ ਨੂੰ ਧਿਆਨ 'ਚ ਰੱਖ ਕੇ ਤਿਆਰੀ ਕੀਤੀ ਜਾਣੀ ਚਾਹੀਦੀ ਹੈ। ਵਰਲਡ ਕੱਪ ਦਾ ਆਯੋਜਨ ਅਗਲੇ ਸਾਲ ਆਸਟਰੇਲੀਆ 'ਚ ਕੀਤਾ ਜਾਵੇਗਾ।

Tarsem Singh

This news is Content Editor Tarsem Singh