ਖਿਤਾਬ ਲਈ ਭਿੜਨਗੀਆਂ ਮੈਡੀਸਨ ਤੇ ਸਟੀਫਨਸ

09/09/2017 3:59:30 AM

ਨਿਊਯਾਰਕ— ਯੂ. ਐੱਸ. ਓਪਨ ਵਿਚ 'ਆਲ ਅਮਰੀਕੀ' ਸੈਮੀਫਾਈਨਲ ਮੁਕਾਬਲੇ ਵਿਚ ਆਖਿਰ ਨੌਜਵਾਨ ਖਿਡਾਰਨ ਸਲੋਏਨ ਸਟੀਫਨਸ ਦੋ ਵਾਰ ਦੀ ਚੈਂਪੀਅਨ ਵੀਨਸ ਵਿਲੀਅਮਸ 'ਤੇ ਭਾਰੀ ਪੈ ਗਈ ਤੇ ਹੁਣ ਫਾਈਨਲ ਵਿਚ ਉਹ ਹਮਵਤਨ ਮੈਡੀਸਨ ਕੀ ਨਾਲ ਭਿੜੇਗੀ, ਜਿਸ ਨਾਲ ਇਸ ਵਾਰ ਗ੍ਰੈਂਡ ਸਲੈਮ ਵਿਚ ਨਵੀਂ ਅਮਰੀਕੀ ਚੈਂਪੀਅਨ ਮਿਲਣਾ ਤੈਅ ਹੈ। ਅਮਰੀਕਾ ਦੀ ਸਟੀਫਨਸ ਨੇ ਦੋ ਘੰਟੇ ਸੱਤ ਮਿੰਟ ਵਿਚ ਵੀਨਸ ਨੂੰ 3 ਸੈੱਟਾਂ ਵਿਚ 6-1, 0-6, 7-5 ਨਾਲ ਹਰਾਇਆ ਤੇ ਸਾਬਕਾ ਨੰਬਰ ਇਕ ਖਿਡਾਰਨ ਨੂੰ ਉਸ ਦੇ ਤੀਜੇ ਯੂ. ਐੱਸ. ਓਪਨ ਖਿਤਾਬ ਤੋਂ ਇਕ ਕਦਮ ਦੂਰੀ 'ਤੇ ਹੀ ਬਾਹਰ ਦਾ ਰਸਤਾ ਦਿਖਾ ਦਿੱਤਾ। 
ਇਕ ਹੋਰ ਆਲ ਅਮਰੀਕੀ ਸੈਮੀਫਾਈਨਲ ਵਿਚ ਮੈਡੀਸਨ ਕੀ ਨੇ ਕੋਕੋ ਵੇਂਡੇਵੇਗੇ ਨੂੰ 66 ਮਿੰਟ ਵਿਚ 6-1, 6-2 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ। 24 ਸਾਲ ਦੀ ਖਿਡਾਰਨ ਨੇ ਫੈਸਲਾਕੁੰਨ ਸੈੱਟ 'ਚ ਕਾਫੀ ਧੀਰਜ ਨਾਲ ਪ੍ਰਦਰਸ਼ਨ ਕੀਤਾ ਤੇ ਜ਼ਬਰਦਸਤ ਰੈਲੀਆਂ ਖੇਡੀਆਂ, ਜਦਕਿ 37 ਸਾਲਾ ਵੀਨਸ 'ਤੇ ਖਾਨ ਹਾਵੀ ਦਿਸੀ। ਆਰਥਰ ਏਸ਼ ਸਟੇਡੀਅਮ ਵਿਚ ਇਸ ਸੈਮੀਫਾਈਨਲ 'ਚ ਵੀਨਸ ਨੇ ਦੂਜੇ ਸੈੱਟ ਵਿਚ 4-0  ਦੇ ਸਕੋਰ 'ਤੇ ਮੈਡੀਕਲ ਟਾਈਮ ਆਊਟ ਵੀ ਲਿਆ ਤੇ ਉਹ ਆਪਣੇ ਪੱਟ 'ਤੇ ਟੇਪ ਲਾ ਕੇ ਖੇਡਣ ਉਤਰੀ। ਇਸ ਦੇ ਬਾਵਜੂਦ ਉਸ ਨੇ ਇਕਤਰਫਾ ਅੰਦਾਜ਼ ਵਿਚ 6-0 ਨਾਲ ਇਹ ਸੈੱਟ ਜਿੱਤ ਕੇ ਮੈਚ ਨੂੰ ਫੈਸਲਾਕੁੰਨ ਸੈੱਟ ਵਿਚ ਪਹੁੰਚਾ ਦਿੱਤਾ। ਵਿਸ਼ਵ ਦੀ 83ਵੇਂ ਨੰਬਰ ਦੀ ਖਿਡਾਰਨ ਸਟੀਫਨਸ ਤੇ ਮੈਡੀਸਨ ਵਿਚਾਲੇ ਮਹਿਲਾ ਸਿੰਗਲਜ਼ ਮੁਕਾਬਲਾ ਪ੍ਰਸ਼ੰਸਕਾਂ ਲਈ ਵਿਲੀਅਮਸ ਭੈਣਾਂ ਵਿਚਾਲੇ ਆਖਰੀ ਟੱਕਰ ਦੀ ਯਾਦ ਦਿਵਾਏਗਾ।  ਸਾਲ 2002 ਤੋਂ ਬਾਅਦ ਇਹ ਪਹਿਲਾ ਮੈਕਾ ਹੈ, ਜਦੋਂ ਯੂ. ਐੱਸ. ਓਪਨ ਫਾਈਨਲ ਵਿਚ ਦੋ ਅਮਰੀਕੀ ਖਿਡਾਰਨਾਂ ਉਤਰਨਗੀਆਂ। ਆਖਰੀ ਵਾਰ ਵੀਨਸ ਤੇ ਸੇਰੇਨਾ ਵਿਚਾਲੇ ਹੋਏ ਫਾਈਨਲ 'ਚ ਵੱਡੀ ਭੈਣ ਛੋਟੀ ਭੈਣ ਤੋਂ 6-4, 6-3 ਨਾਲ ਖਿਤਾਬ ਗੁਆ ਬੈਠੀ ਸੀ।
ਉਸ ਨੇ ਫਾਈਨਲ ਵਿਚ ਆਪਣੀ ਵਿਰੋਧੀ ਸਲੋਏਨ ਨਾਲ ਮੈਚ ਨੂੰ ਲੈ ਕੇ ਉਤਸ਼ਾਹ ਪ੍ਰਗਟਾਉਂਦਿਆਂ ਕਿਹਾ ਕਿ ਇਸ ਸਮੇਂ ਉਹ ਫਾਈਨਲ ਲਈ ਸਹੀ ਇਨਸਾਨ ਹੈ। ਉਸ ਨੂੰ ਵੀ ਕੋਰਟ 'ਤੇ ਵਾਪਸ ਆ ਕੇ ਖੁਸ਼ੀ ਹੋ ਰਹੀ ਹੋਵੇਗੀ। ਉਹ ਵੀ ਬਹੁਤ ਚੰਗਾ ਖੇਡ ਰਹੀ ਹੈ।
ਦਿਲਚਸਪ ਗੱਲ ਇਹ ਹੈ ਕਿ ਫਾਈਨਲ 'ਚ ਪਹੁੰਚੀਆਂ ਦੋਵੇਂ ਹੀ ਅਮਰੀਕੀ ਖਿਡਾਰਨਾਂ ਸਾਲ ਦੇ ਸ਼ੁਰੂ ਵਿਚ ਸੱਟਾਂ ਤੋਂ ਪ੍ਰਭਾਵਿਤ ਰਹੀਆਂ ਸਨ। ਪੈਰ ਦੀ ਸੱਟ ਕਾਰਨ ਸਾਲ ਭਰ ਕੋਰਟ ਤੋਂ ਦੂਰ ਰਹੀ ਸਟੀਫਨਸ ਨੇ ਇਸ ਸਾਲ ਵਿੰਬਲਡਨ ਨਾਲ ਵਾਪਸੀ ਕੀਤੀ ਹੈ। ਉਸ ਨੇ ਵੀ ਨੌਵੀਂ ਸੀਡ ਵੀਨਸ 'ਤੇ ਜਿੱਤ ਨੂੰ ਅਵਿਸ਼ਵਾਸਯੋਗ ਦੱਸਿਆ। 24 ਸਾਲ ਦੀ ਸਟੀਫਨਸ ਵੀਨਸ ਤੋਂ 13 ਸਾਲ ਛੋਟੀ ਹੈ ਪਰ ਉਸ ਨੇ ਜਿੱਤ ਤੋਂ ਬਾਅਦ ਸੱਤ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਨਾਲ ਖੇਡਣ ਨੂੰ ਖੁਦ ਲਈ ਸਨਮਾਨਜਨਕ ਦੱਸਿਆ।