ਮੈਕਲਰਾਏ ਨੇ ਸ਼ੁਭੰਕਰ ਨੂੰ ਮਾਸਟਰਸ ਤੋਂ ਪਹਿਲਾਂ ਅਭਿਆਸ ਸੈਸ਼ਨ ਲਈ ਬੁਲਾਇਆ

03/09/2018 12:25:33 AM

ਗੁੜਗਾਓਂ— ਉਭਰਦੇ ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਨੂੰ ਚਾਰ ਵਾਰ ਦੇ ਮੇਜਰ ਚੈਂਪੀਅਨ ਤੇ ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਰੋਰੀ ਮੈਕਲਰਾਏ ਨੇ ਅਪ੍ਰੈਲ ਵਿਚ ਹੋਣ ਵਾਲੇ ਮਾਸਟਰਸ ਤੋਂ ਪਹਿਲਾਂ ਆਗੁਸਤਾ ਨੈਸ਼ਨਲ ਗੋਲਫ ਕਲੱਬ ਵਿਚ ਅਭਿਆਸ ਦੌਰੇ ਲਈ ਸੱਦਾ ਦਿੱਤਾ ਹੈ।
ਸ਼ੁਭੰਕਰ ਨੂੰ ਜਦੋਂ ਮੈਕਲਰਾਏ ਦੇ ਸੱਦੇ ਦੇ ਬਾਰੇ ਵਿਚ ਦੱਸਿਆ ਗਿਆ ਤਾਂ ਇਹ ਭਾਰਤੀ ਮੁਸਕਰਾ ਉਠਿਆ। 
ਸ਼ੁਭੰਕਰ ਨੇ ਕਿਹਾ, ''ਮੈਂ ਬਹੁਤ ਖੁਸ਼ ਹਾਂ। ਉਹ ਮੇਰੇ ਆਦਰਸ਼ ਖਿਡਾਰੀ ਹਨ ਤੇ ਮੈਨੂੰ ਉਨ੍ਹਾਂ ਨਾਲ ਅਭਿਆਸ ਦੌਰ ਵਿਚ ਹਿੱਸਾ ਲੈਣ 'ਤੇ ਖੁਸ਼ੀ ਹੋਵੇਗੀ। ਦੇਖਦੇ ਹਾਂ ਕਿ ਮੈਂ ਕਦੋਂ ਅਭਿਆਸ ਵਿਚ ਹਿੱਸਾ ਲੈਂਦਾਂ ਹਾਂ। ਮੈਂ ਕਦੇ ਉਸ ਨੂੰ ਨਹੀਂ ਮਿਲਿਆ ਪਰ ਨਿਸ਼ਚਿਤ ਤੌਰ 'ਤੇ ਉਸ ਨੂੰ ਦੇਖਿਆ ਹੈ। ਅਸੀਂ ਦੁਬਈ ਤੇ ਆਬੂਧਾਬੀ ਵਿਚ ਇਕ ਹੀ ਟੂਰਨਾਮੈਂਟ ਵਿਚ ਖੇਡੇ ਸੀ। ਮੈਂ ਕਈ ਸਾਲਾਂ ਤੋਂ ਉਸਦੀ ਖੇਡ ਦੇਖ ਰਿਹਾ ਹਾਂ। ਇਸ ਲਈ ਇਹ ਬਹੁਤ ਚੰਗਾ ਹੈ।''
ਮੈਕਲਰਾਏ ਨੇ ਸ਼ੁਭੰਕਰ ਦੇ ਬਾਰੇ ਵਿਚ ਕਿਹਾ, ''ਮੈਂ ਟੀ. ਵੀ. 'ਤੇ ਥੋੜ੍ਹਾ ਬਹੁਤ ਉਸਦੀ ਖੇਡ ਦੇਖੀ ਹੈ। ਮਾਸਟਰਸ ਵਿਚ ਖੇਡਣਾ ਬਹੁਤ ਵੱਡਾ ਤਜਰਬਾ ਹੋਵੇਗਾ ਤੇ ਮੇਰੀ ਉਸ ਨੂੰ ਸਲਾਹ ਹੈ ਕਿ ਉਹ ਉਸਦਾ ਪੂਰਾ ਮਜ਼ਾ ਲਵੇ।''