ਲਾਸ ਏਂਜਲਸ ਓਲੰਪਿਕ 2028 ’ਚ ਉਤਰ ਸਕਦੇ ਹਨ ਕ੍ਰਿਕਟਰ, ICC ਨੇ ਸ਼ੁਰੂ ਕੀਤੀ ਤਿਆਰੀ

08/10/2021 3:20:34 PM

ਨਵੀਂ ਦਿੱਲੀ— ਓਲੰਪਿਕ ’ਚ ਕ੍ਰਿਕਟ ਨੂੰ ਸ਼ਾਮਲ ਕਰਨ ਲਈ ਪਹਿਲਾ ਕਦਮ ਉਠਾਇਆ ਜਾ ਰਿਹਾ ਹੈ। ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਖੇਡਾਂ ਦੇ ਇਸ ‘ਮਹਾਕੁੰਭ’ ’ਚ ਐਂਟਰੀ ਕਰਨ ਦੇ ਇਰਾਦੇ ਨੂੰ ਲੈ ਕੇ ਪੁਸ਼ਟੀ ਕਰ ਦਿੱਤੀ ਹੈ। ਆਈ. ਸੀ. ਸੀ. ਨੇ ਇਸ ਉਦੇਸ਼ ਲਈ ਇਕ ਟੀਮ ਦਾ ਗਠਨ ਕੀਤਾ ਹੈ। ਇਹ ਟੀਮ 2028 ਲਾਸ ਏਂਜਲਸ ਓਲੰਪਿਕ, 2032 ਬਿ੍ਰਸਬੇਨ ਤੇ ਉਸ ਦੇ ਅੱਗੇ ਵੀ ਓਲੰਪਿਕ ਖੇਡਾਂ ’ਚ ਕ੍ਰਿਕਟ ਨੂੰ ਸ਼ਾਮਲ ਕਰਨ ਨੂੰ ਲੈ ਕੇ ਕੰਮ ਕਰੇਗੀ। ਇਹ ਕਦਮ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਅੱਗੇ ਵਧਣ ਦੇ ਬਾਅਦ ਹੈ, ਜਿਸ ਨੇ ਅਪ੍ਰੈਲ ’ਚ ਆਈ. ਸੀ. ਸੀ. ਦੀ ਓਲੰਪਿਕ ਯੋਜਨਾ ਦਾ ਸਮਰਥਨ ਕੀਤਾ ਸੀ।
ਇਹ ਵੀ ਪੜ੍ਹੋ : ਸ਼ਾਓਮੀ ਦਾ ਵੱਡਾ ਐਲਾਨ, ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਦੇਵੇਗਾ ਆਪਣਾ ਸਭ ਤੋਂ ਮਹਿੰਗਾ ਸਮਾਰਟਫੋਨ

ਭਾਰਤੀ ਬੋਰਡ ਨੂੰ ਕ੍ਰਿਕਟ ਦੀ ਖੇਡ ਨੂੰ ਹੋਰਨਾਂ ਖੇਡਾਂ ’ਚ ਸ਼ਾਮਲ ਕਰਨ ਦਾ ਵਿਰੋਧ ਕਰਨ ਲਈ ਜਾਣਿਆ ਜਾਂਦਾ ਸੀ। ਹਾਲਾਂਕਿ ਜੈ ਸ਼ਾਹ ਦੇ ਬੋਰਡ ਦਾ ਕਾਰਜਭਾਰ ਸੰਭਾਲਣ ਦੇ ਬਾਅਦ ਚੀਜ਼ਾਂ ਬਦਲ ਗਈਆਂ ਹਨ। ਉਨ੍ਹਾਂ ਨੇ ਹਾਲ ਹੀ ’ਚ ਇਸ ਮਾਮਲੇ ’ਤੇ ਆਈ. ਸੀ. ਸੀ. ਦਾ ਸਮਰਥਨ ਕੀਤਾ ਸੀ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਪ੍ਰਮੁੱਖ ਇਆਨ ਵਾਟਮੋਰ ਆਈ. ਸੀ. ਸੀ. ਓਲੰਪਿਕ ਵਰਕਿੰਗ ਗਰੁੱਪ ਦੀ ਪ੍ਰਧਾਨਗੀ ਕਰਨਗੇ ਤੇ ਉਨ੍ਹਾਂ ਦੇ ਨਾਲ ਹੀ ਆਈ. ਸੀ. ਸੀ. ਦੀ ਆਜ਼ਾਦ ਨਿਰਦੇਸ਼ਕ ਇੰਦਰਾ ਨੂਈ, ਜ਼ਿੰਬਾਬਵੇ ਕ੍ਰਿਕਟ ਦੀ ਪ੍ਰਮੁੱਖ ਤਵੇਂਗਵਾਂ ਮੁਕੂਹਲਾਨੀ, ਆਈ. ਸੀ. ਸੀ. ਦੇ ਐਸੋਸੀਏਟ ਮੈਂਬਰ ਨਿਰਦੇਸ਼ਕ ਤੇ ਏਸ਼ੀਆਈ ਕ੍ਰਿਕਟ ਪਰਿਸ਼ਦ ਦੇ ਉਪ ਪ੍ਰਧਾਨ ਮਹਿੰਦਰ ਵੱਲੀਪੁਰਮ ਤੇ ਯੂ. ਐੱਸ. ਏ. ਕ੍ਰਿਕਟ ਦੇ ਪ੍ਰਧਾਨ ਪਰਾਗੇ ਮਰਾਠੇ ਸਾਮਲ ਹੋਣਗੇ। ਮਰਾਠੇ ਨੂੰ ਕਮੇਟੀ ’ਚ ਸ਼ਾਮਲ ਕਰਨਾ ਇਕ ਰਣਨੀਤਿਕ ਫ਼ੈਸਲਾ ਸੀ, ਕਿਉਂਕਿ 2028 ’ਚ ਲਾਸ ਏਂਜਲਸ ਖੇਡਾਂ ਦੀ ਮੇਜ਼ਬਾਨੀ ਕਰੇਗਾ। ਅਜਿਹੇ ’ਚ ਛੇਤੀ ਤੋਂ ਛੇਤੀ ਕ੍ਰਿਕਟ ਨੂੰ ਓਲੰਪਿਕ ਦਾ ਹਿੱਸਾ ਬਣਾਉਣ ਦੀ ਉਮੀਦ ਕੀਤੀ ਜਾ ਸਕਦੀ ਹੈ।

ਆਈ. ਸੀ. ਸੀ. ਪ੍ਰਧਾਨ ਗ੍ਰੇਗ ਬਾਰਕਲੇ ਨੇ ਕਿਹਾ, ‘‘ਸਭ ਤੋਂ ਪਹਿਲਾਂ ਆਈ. ਸੀ. ਸੀ. ’ਚ ਸਾਰਿਆਂ ਵੱਲੋਂ ਮੈਂ ਆਈ. ਓ. ਸੀ., ਟੋਕੀਓ 2020 ਤੇ ਜਾਪਾਨ ਦੇ ਲੋਕਾਂ ਨੂੰ ਅਜਿਹੇ ਮੁਸ਼ਕਲ ਹਾਲਾਤ ’ਚ ਇਸ ਤਰ੍ਹਾਂ ਦੇ ਸ਼ਾਨਦਾਰ ਖੇਡਾਂ ਦੇ ਆਯੋਜਨ ਕਰਨ ਲਈ ਵਧਾਈ ਦੇਣਾ ਚਾਹੁੰਦਾ ਹਾਂ। ਇਹ ਦੇਖਣਾ ਅਸਲ ’ਚ ਸ਼ਾਨਦਾਰ ਸੀ ਤੇ ਅਸੀਂ ਕ੍ਰਿਕਟ ਨੂੰ ਭਵਿੱਖ ਦੀਆਂ ਖੇਡਾਂ ਦਾ ਹਿੱਸਾ ਬਣਾਉਣਾ ਪਸੰਦ ਕਰਾਂਗੇ।’’
ਇਹ ਵੀ ਪੜ੍ਹੋ : ਸਾਬਕਾ ਕੌਮਾਂਤਰੀ ਹਾਕੀ ਖਿਡਾਰੀ ਗੋਪਾਲ ਭੇਂਗਰਾ ਦਾ ਦਿਹਾਂਤ, ਸਰਕਾਰ ਤੋਂ ਨਹੀਂ ਮਿਲੀ ਆਰਥਿਕ ਮਦਦ

ਉਨ੍ਹਾਂ ਅੱਗੇ ਕਿਹਾ ਕਿ ਅਸੀਂ ਓਲੰਪਿਕ ਨੂੰ ਕ੍ਰਿਕਟ ਦੇ ਲੰਬੇ ਸਮੇਂ ਦੇ ਭਵਿੱਖ ਦੇ ਹਿੱਸੇ ਦੇ ਤੌਰ ’ਤੇ ਦੇਖਦੇ ਹਾਂ। ਵਿਸ਼ਵ ਪੱਧਰ ’ਤੇ ਸਾਡੇ ਇਕ ਅਰਬ ਤੋਂ ਜ਼ਿਆਦਾ ਪ੍ਰਸ਼ੰਸਕ ਹਨ ਤੇ ਉਨ੍ਹਾਂ ’ਚੋਂ ਲਗਭਗ 90 ਫ਼ੀਸਦੀ ਓਲੰਪਿਕ ’ਚ ਕ੍ਰਿਕਟ ਦੇਖਣਾ ਚਾਹੁੰਦੇ ਹਨ। ਸਪੱਸ਼ਟ ਤੌਰ ’ਤੇ ਕ੍ਰਿਕਟ ਦਾ ਇਕ ਮਜ਼ਬੂਤ ਤੇ ਭਾਵੁਕ ਪ੍ਰਸ਼ੰਸਕ ਆਧਾਰ ਹੈ, ਖ਼ਾਸ ਤੌਰ ’ਤੇ ਦੱਖਣੀ ਏਸ਼ੀਆ ’ਚ ਜਿੱਥੋਂ ਸਾਡੇ 92 ਫ਼ੀਸਦੀ ਪ੍ਰਸ਼ੰਸਕ ਆਉਂਦੇ ਹਨ, ਜਦਕਿ ਸੰਯੁਕਤ ਰਾਜ ਅਮਰੀਕਾ (ਯੂ. ਐੱਸ. ਏ.) ’ਚ ਵੀ 30 ਮਿਲੀਅਨ ਕ੍ਰਿਕਟ ਪ੍ਰਸ਼ੰਸਕ ਹਨ। ਉਨ੍ਹਾਂ ਪ੍ਰਸ਼ੰਸਕਾਂ ਲਈ ਆਪਣੇ ਨਾਇਕਾਂ ਨੂੰ ਓਲੰਪਿਕ ਤਮਗ਼ਾ ਦੇ ਲਈ ਮੁਕਾਬਲੇਬਾਜ਼ੀ ਕਰਦੇ ਹੋਏ ਦੇਖਣਾ ਬਹੁਤ ਦਿਲਚਸਪ ਤੇ ਆਕਰਸ਼ਕ ਹੋਵੇਗਾ।’’

ਉਨ੍ਹਾਂ ਕਿਹਾ, ‘‘ਕ੍ਰਿਕਟ ਓਲੰਪਿਕ ਖੇਡਾਂ ਲਈ ਇਕ ਵਧੀਆ ਖੇਡ ਹੋਵੇਗੀ। ਪਰ ਅਸੀਂ ਜਾਣਦੇ ਹਾਂ ਕਿ ਸਿਰਫ਼ ਸਾਨੂੰ ਐਂਟਰੀ ਦੇਣਾ ਸੌਖਾ ਨਹੀਂ ਹੋਵੇਗਾ, ਕਿਉਂਕਿ ਕਾਫ਼ੀ ਲੋਕ ਦੂਜੀਆਂ ਕਈ ਮਹਾਨ ਖੇਡਾਂ ਲਈ ਵੀ ਅਜਿਹਾ ਚਾਹੁੰਦੇ ਹਨ ਪਰ ਸਾਨੂੰ ਲਗਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰੀਏ ਤੇ ਇਹ ਦਿਖਾਈਏ ਕਿ ਕ੍ਰਿਕਟ ਤੇ ਓਲੰਪਿਕ ’ਚ ਬਹੁਤ ਚੰਗੀ ਸਾਂਝੇਦਾਰੀ ਹੋ ਸਕਦੀ ਹੈ।’’

ਇਹ ਵੀ ਪੜ੍ਹੋ : ਯੂ. ਐੱਸ. ਏ. ਦੇ ਗ੍ਰੈਂਡਮਾਸਟਰ ਵੇਸਲੀ ਸੋਅ ਨੇ ਜਿੱਤਿਆ ਚੇਸੇਬਲ ਮਾਸਟਰਸ ਸ਼ਤਰੰਜ ਦਾ ਖ਼ਿਤਾਬ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh