ਕੋਸਟਾ ਰਿਕਾ ਵਿਰੁੱਧ ਨੇਮਾਰ ''ਤੇ ਰਹਿਣਗੀਆਂ ਨਜ਼ਰਾਂ

Friday, Jun 22, 2018 - 04:46 AM (IST)

ਸੋਚੀ- 5 ਵਾਰ ਦੀ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਫੀਫਾ ਵਿਸ਼ਵ ਕੱਪ ਵਿਚ ਆਪਣੀ ਨਿਰਾਸ਼ ਸ਼ੁਰੂਆਤ ਤੋਂ ਬਾਅਦ ਸ਼ੁੱਕਰਵਾਰ ਨੂੰ ਕੋਸਟਾ ਰਿਕਾ ਵਿਰੁੱਧ ਜਿੱਤ ਦੇ ਨਾਲ ਨਾਕਆਊਟ ਦਾ ਰਸਤਾ ਤੈਅ ਕਰਨ ਉਤਰੇਗੀ, ਜਿਸ ਦੇ ਲਈ ਉਸ ਨੂੰ ਹਰ ਹਾਲ ਵਿਚ ਜਿੱਤ ਦੀ ਲੋੜ ਹੈ। ਇਸ ਵਾਰ ਫਿਰ ਤੋਂ ਸਾਰਿਆਂ ਦੀਆਂ ਨਜ਼ਰਾਂ ਸੁਪਰ ਸਟਾਰ ਨੇਮਾਰ 'ਤੇ ਟਿਕੀਆਂ ਹਨ।
ਬ੍ਰਾਜ਼ੀਲ ਨੂੰ ਵਿਸ਼ਵ ਕੱਪ ਵਿਚ ਆਪਣੇ ਸਭ ਤੋਂ ਨਿਰਾਸ਼ਾਜਨਕ ਪ੍ਰਦਰਸ਼ਨ ਦੀ ਬਰਾਬਰੀ ਤੋਂ ਬਚਣ ਲਈ ਕੋਸਟਾ ਰਿਕਾ ਵਿਰੁੱਧ ਸ਼ੁੱਕਰਵਾਰ ਨੂੰ ਸੇਂਟ ਪੀਟਰਸਬਰਗ ਸਟੇਡੀਅਮ ਵਿਚ ਜਿੱਤ ਦੀ ਲੋੜ ਹੋਵੇਗੀ। ਕੋਸਟਾ ਰਿਕਾ ਨੂੰ ਆਪਣੇ ਗਰੁੱਪ-ਈ ਦੇ ਓਪਨਿੰਗ ਮੈਚ ਵਿਚ ਸਰਬੀਆ ਤੋਂ 0-1 ਨਾਲ ਹਾਰ ਝੱਲਣੀ ਪਈ ਸੀ, ਜਦਕਿ ਬ੍ਰਾਜ਼ੀਲ ਨੂੰ ਸਵਿਟਜ਼ਰਲੈਂਡ ਨੇ 1-1 ਦੇ ਡਰਾਅ 'ਤੇ ਰੋਕਿਆ ਸੀ। ਬ੍ਰਾਜ਼ੀਲੀ ਫੁੱਟਬਾਲਰ ਨੇਮਾਰ ਪੈਰ ਵਿਚ ਸੱਟ ਤੋਂ ਉਭਰਨ ਤੋਂ ਬਾਅਦ ਵਿਸ਼ਵ ਕੱਪ ਟੀਮ ਦਾ ਹਿੱਸਾ ਬਣਿਆ ਹੈ ਤੇ ਮੰਗਲਵਾਰ ਨੂੰ ਟ੍ਰੇਨਿੰਗ ਦੌਰਾਨ ਉਸਦੇ ਗੋਡੇ ਵਿਚ ਫਿਰ ਤੋਂ ਸੱਟ ਲੱਗ ਗਈ ਸੀ, ਹਾਲਾਂਕਿ ਬ੍ਰਾਜ਼ੀਲ ਲਈ ਉਸਦੇ ਖੇਡਣ ਦੀ ਉਮੀਦ ਹੈ। ਜੇਕਰ ਬ੍ਰਾਜ਼ੀਲ ਇਸ ਮੈਚ ਵਿਚ ਹਾਰ ਜਾਂਦੀ ਹੈ ਤਾਂ ਇਹ ਲਗਾਤਾਰ ਚੌਥਾ ਵਿਸ਼ਵ ਕੱਪ ਮੈਚ ਹੋਵੇਗਾ, ਜਦੋਂ ਉਸ ਨੇ ਜਿੱਤ ਦਰਜ ਨਹੀਂ ਕੀਤੀ। ਉਹ ਇਸ ਦੇ ਨਾਲ 1974-78 ਵਿਚ ਸਭ ਤੋਂ ਖਰਾਬ ਵਿਸ਼ਵ ਕੱਪ ਪ੍ਰਦਰਸ਼ਨ ਦੀ ਬਰਾਬਰੀ ਕਰ ਲਵੇਗੀ ਤੇ ਨਿਸ਼ਚਿਤ ਹੀ ਪੰਜ ਵਾਰ ਦੀ ਚੈਂਪੀਅਨ ਟੀਮ ਇਸ ਰਿਕਾਰਡ ਦੀ ਬਰਾਬਰੀ ਨਹੀਂ ਕਰਨਾ ਚਾਹੇਗੀ।