ਲੰਡਨ ਚੈੱਸ ਕਲਾਸਿਕ ਫਿਡੇ ਓਪਨ : ਲਗਾਤਾਰ ਚੌਥੀ ਜਿੱਤ ਨਾਲ ਪ੍ਰਗਿਆਨੰਦਾ ਸਾਂਝੀ ਬੜ੍ਹਤ ''ਤੇ

12/03/2019 12:33:17 PM

ਸਪੋਰਟਸ ਡੈਸਕ : ਓਲੰਪੀਆ ਸੈਂਟਰ ਵਿਚ ਚੱਲ ਰਹੇ ਚੈੱਸ ਕਲਾਸਿਕ ਫਿਡੇ ਓਪਨ ਵਿਚ ਭਾਰਤ ਦੇ ਨੰਨ੍ਹੇ ਸ਼ਤਰੰਜ ਖਿਡਾਰੀ ਗ੍ਰੈਂਡ ਮਾਸਟਰ ਆਰ. ਪ੍ਰਗਿਆਨੰਦਾ ਲਗਾਤਾਰ ਚੌਥੀ ਜਿੱਤ ਨਾਲ ਸਾਂਝੀ ਬੜ੍ਹਤ 'ਤੇ ਆ ਗਿਆ ਹੈ। ਉਸ ਨੇ ਚੌਥੇ ਰਾਊਂਡ ਵਿਚ ਚੀਨੀ ਤਾਈਪੇ ਦੇ ਰੇਮੰਡ ਸੰਗ ਨੂੰ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਹਰਾ ਦਿੱਤਾ ਤੇ ਇਸ ਜਿੱਤ ਨਾਲ ਉਹ ਮੇਜ਼ਬਾਨ ਇੰਗਲੈਂਡ ਦੇ ਡੇਨੀਅਲ ਗੋਰਮਾਲੀ ਤੇ ਆਸਟਰੇਲੀਆ ਦੇ ਅੰਟੋਨ ਸਿਮਰਨੋਵ ਨਾਲ 4 ਅੰਕ ਬਣਾ ਕੇ ਸਾਂਝੀ ਬੜ੍ਹਤ 'ਤੇ ਚੱਲ ਰਿਹਾ ਹੈ। ਕਾਲੇ ਮੋਹਰਿਆਂ ਨਾਲ ਕਿੰਗਜ਼ ਇੰਡੀਅਨ ਓਪਨਿੰਗ ਵਿਚ ਪ੍ਰਗਿਆਨੰਦਾ ਨੇ ਇਕ ਵਾਰ ਫਿਰ ਆਪਣੇ ਹਮਲੇ ਤੇ ਡਿਫੈਂਸ ਦੋਵਾਂ ਦੀ ਸ਼ਾਨਦਾਰ ਸ਼ੈਲੀ ਪੇਸ਼ ਕਰਦਿਆਂ 62 ਚਾਲਾਂ ਤਕ ਚੱਲੇ ਰੋਮਾਂਚਕ ਮੁਕਾਬਲੇ 'ਚ ਜਿੱਤ ਦਰਜ ਕੀਤੀ।

ਇਸ ਜਿੱਤ ਨਾਲ ਪ੍ਰਗਿਆਨੰਦਾ ਹੁਣ ਆਪਣੀ ਲਾਈਵ ਰੇਟਿੰਗ ਵਿਚ 7 ਮਹੱਤਵਪੂਰਨ ਅੰਕ ਜੋੜਦੇ ਹੋਏ 2593 'ਤੇ ਪਹੁੰਚ ਗਿਆ ਹੈ ਤੇ ਜੇਕਰ 14 ਸਾਲਾ ਪ੍ਰਗਿਆਨੰਦਾ ਇਸ ਪ੍ਰਤੀਯੋਗਿਤਾ ਰਾਹੀਂ 2600 ਅੰਕਾਂ ਨੂੰ ਛੂਹ ਲੈਂਦਾ ਹੈ ਤਾਂ ਉਹ ਇਸ ਰੇਟਿੰਗ 'ਤੇ ਪਹੁੰਚਣ ਵਾਲਾ ਸਭ ਤੋਂ ਨੌਜਵਾਨ ਭਾਰਤੀ ਬਣ ਜਾਵੇਗਾ। ਚੌਥੇ ਰਾਊਂਡ ਦੇ ਹੋਰਨਾਂ ਨਤੀਜਿਆਂ ਵਿਚ ਪਹਿਲੇ ਬੋਰਡ 'ਤੇ ਚੋਟੀ ਦਾ ਦਰਜਾ ਪ੍ਰਾਪਤ ਭਾਰਤ ਦੇ ਅਰਵਿੰਦ ਚਿਦਾਂਬਰਮ ਨੂੰ ਕਾਲੇ ਮੋਹਰਿਆਂ ਨਾਲ ਬੁਲਗਾਰੀਆ ਦੇ ਮਾਰਟਿਨ ਪੇਟ੍ਰੋਵ ਨੇ ਡਰਾਅ ਖੇਡਣ 'ਤੇ ਮਜਬੂਰ ਕਰ ਦਿੱਤਾ ਤਾਂ ਭਾਰਤ ਦੇ ਸਹਿਜ ਗਰੋਵਰ ਨੇ ਰੂਸ ਦੇ ਅਲੈਗਜ਼ੈਂਡਰ ਚੇਰਨਿਵ ਨਾਲ ਅੱਧਾ ਅੰਕ ਵੰਡਿਆ। ਮਹਿਲਾ ਖਿਡਾਰੀ ਆਰ. ਵੈਸ਼ਾਲੀ ਨੇ ਕੈਨੇਡਾ ਦੇ ਅਬ੍ਰਾਹਮ ਡੇਨੀਅਲ ਨੂੰ ਹਰਾ ਕੇ ਆਪਣੀ ਤੀਜੀ ਜਿੱਤ ਦਰਜ ਕੀਤੀ।