ਲਕਸ਼ਮਣਨ ਨੇ ਐਥਲੈਟਿਕਸ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਮਗਾ

09/26/2017 1:31:19 PM

ਚੇਨਈ, (ਬਿਊਰੋ)— ਮੌਜੂਦਾ ਏਸ਼ੀਆਈ ਚੈਂਪੀਅਨ ਗੋਵਿੰਦਨ ਲਕਸ਼ਮਣਨ ਨੇ ਨਹਿਰੂ ਸਟੇਡੀਅਮ 'ਚ 57ਵੀਂ ਰਾਸ਼ਟਰੀ ਓਪਨ ਐਥਲੈਟਿਕਸ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਪੁਰਸ਼ਾਂ ਦੀ 5,000 ਮੀਟਰ ਰੇਸ 'ਚ ਸੋਨ ਤਮਗੇ 'ਤੇ ਕਬਜ਼ਾ ਕੀਤਾ।

ਤੁਰਕਮੇਨੀਸਤਾਨ ਦੇ ਏਸ਼ਗਾਬਾਦ 'ਚ ਏਸ਼ੀਆਈ ਇੰਡੋਰ ਖੇਡਾਂ 'ਚ 3000 ਮੀਟਰ ਮੁਕਾਬਲੇ ਦਾ ਸੋਨ ਤਮਗਾ ਜਿੱਤਣ ਵਾਲੇ ਫੌਜ ਦੇ ਲਕਸ਼ਮਣਨ ਨੇ 14 ਮਿੰਟ 4.21 ਸਕਿੰਟ ਦਾ ਸਮਾਂ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਹਾਲਾਂਕਿ ਇਹ ਲੰਡਨ 'ਚ ਵਿਸ਼ਵ ਚੈਂਪੀਅਨਸ਼ਿਪ ਦੇ ਦੌਰਾਨ 13 ਮਿੰਟ 35.69 ਸਕਿੰਟ ਦਾ ਸਮਾਂ ਲੈਣ ਦੇ ਉਨ੍ਹਾਂ ਦੇ ਨਿੱਜੀ ਪ੍ਰਦਰਸ਼ਨ ਤੋਂ ਕਾਫੀ ਘੱਟ ਸੀ। ਰੇਲਵੇ ਦੇ ਅਭਿਸ਼ੇਕ ਪਾਲ ਦੂਜੇ ਜਦਕਿ ਫੌਜ ਦੇ ਮਾਨ ਸਿੰਘ ਤੀਜੇ ਸਥਾਨ 'ਤੇ ਰਹੇ।

ਜਦਕਿ ਮਹਿਲਾਵਾਂ ਦੀ 5000 ਮੀਟਰ ਰੇਸ 'ਚ ਐੱਲ. ਸੂਰਯਾ ਨੇ 16 ਮਿੰਟ 2.85 ਸਕਿੰਟ ਨਾਲ ਸੋਨ ਤਮਗਾ ਜਿੱਤਿਆ। ਦੂਜਾ ਸਥਾਨ ਚਿੰਤਾ ਯਾਦਵ (16 ਮਿੰਟ 40.45 ਸਕਿੰਟ) ਨੇ ਹਾਸਲ ਕੀਤਾ। ਸੰਗੀਤਾ ਨਾਇਕ ਤੀਜੇ ਸਥਾਨ 'ਤੇ ਰਹੀ। ਪੁਰਸ਼ਾਂ ਦੇ ਸ਼ਾਟ ਪੁੱਟ ਮੁਕਾਬਲੇ 'ਚ ਫੌਜ ਦੇ ਤੇਜਿੰਦਰ ਪਾਲ ਸਿੰਘ ਨੇ ਸਾਬਕਾ ਰਾਸ਼ਟਰੀ ਰਿਕਾਰਡਧਾਰੀ ਓਮ ਪ੍ਰਕਾਸ਼ ਸਿੰਘ ਨੂੰ ਪਛਾੜ ਕੇ 18.86 ਮੀਟਰ ਨਾਲ ਸੋਨ ਤਮਗਾ ਜਿੱਤਿਆ। ਓਮ ਪ੍ਰਕਾਸ਼ ਦੂਜੇ ਸਥਾਨ 'ਤੇ ਰਹੇ। ਰੇਲਵੇ ਦੇ ਜਸਦੀਪ ਸਿੰਘ ਨੇ ਮੁਕਾਬਲੇ 'ਚ ਕਾਂਸੀ ਤਮਗਾ ਜਿੱਤਿਆ।