ਜਦੋਂ ਵਰਲਡ ਕੱਪ 1983 ਜੇਤੂ ਭਾਰਤੀ ਖਿਡਾਰੀਆਂ ਦੀ ''ਮਦਦ'' ਲਈ ਅੱਗੇ ਆਈ ਸੀ ਲਤਾ ਜੀ

07/24/2018 3:14:59 PM

ਨਵੀਂ ਦਿੱਲੀ (ਬਿਊਰੋ)— ਭਾਰਤੀ ਕ੍ਰਿਕਟ ਦੇ ਲਿਹਾਜ਼ ਨਾਲ 25 ਜੂਨ ਦੀ ਤਾਰੀਖ ਨੂੰ ਮੀਲ ਦਾ ਪੱਥਰ ਮੰਨਿਆ ਜਾ ਸਕਦਾ ਹੈ। ਭਾਰਤੀ ਟੀਮ ਨੇ ਸਾਲ 1983 'ਚ ਇਸੇ ਦਿਨ ਵੈਸਟਇੰਡੀਜ਼ ਨੂੰ ਹਰਾ ਕੇ ਇੰਗਲੈਂਡ 'ਚ ਆਯੋਜਿਤ ਵਰਲਡ ਕੱਪ ਜਿੱਤਿਆ ਸੀ। ਕਪਿਲ ਦੇਵ ਦੀ ਅਗਵਾਈ 'ਚ ਟੀਮ ਇੰਡੀਆ ਨੇ ਇਹ ਕਮਾਲ ਕੀਤਾ ਸੀ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਦਰਅਸਲ ਭਾਰਤੀ ਟੀਮ ਨੂੰ ਵਰਲਡ ਕੱਪ ਖੇਡਣ ਤੋਂ ਪਹਿਲਾਂ ਬੇਹੱਦ ਕਮਜ਼ੋਰ ਮੰਨਿਆ ਜਾ ਰਿਹਾ ਸੀ ਪਰ ਮੈਚ-ਦਰ-ਮੈਚ ਜਿੱਤ ਕੇ ਭਾਰਤੀ ਟੀਮ ਦਾ ਪ੍ਰਦਰਸ਼ਨ ਉੱਚਾਈ ਨੂੰ ਛੂਹੰਦਾ ਗਿਆ। 1983 ਦੀ ਭਾਰਤ ਦੀ ਇਹ ਜਿੱਤ ਕ੍ਰਿਕਟ ਦੀ ਦਸ਼ਾ ਅਤੇ ਦਿਸ਼ਾ ਬਦਲਣ ਵਾਲੀ ਸਾਬਤ ਹੋਈ। ਉਸ ਸਮੇਂ ਤੱਕ ਦੇਸ਼ ਦੇ ਖਿਡਾਰੀਆਂ ਨੂੰ ਜ਼ਿਆਦਾ ਪੈਸਾ ਨਹੀਂ ਮਿਲਦਾ ਸੀ ਪਰ ਇਸ ਜਿੱਤ ਨੇ ਪੂਰੀ ਤਸਵੀਰ ਹੀ ਬਦਲ ਦਿੱਤੀ।

ਇਸ ਵੱਡੀ ਜਿੱਤ ਦੇ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਟੀਮ ਦੇ ਖਿਡਾਰੀਆਂ ਨੂੰ ਸਨਮਾਨਤ ਕਰਨ ਅਤੇ 'ਵੱਡਾ' ਪੁਰਸਕਾਰ ਦੇਣ ਦੇ ਬਾਰੇ 'ਚ ਸੋਚ ਰਿਹਾ ਸੀ ਪਰ ਸਮੱਸਿਆ ਇਹ ਸੀ ਕਿ ਉਨ੍ਹਾਂ ਕੋਲ ਜ਼ਿਆਦਾ ਪੈਸਾ ਨਹੀਂ ਸੀ।  ਕ੍ਰਿਕਟ ਦਾ ਖੇਡ ਉਸ ਸਮੇਂ ਤੱਕ ਪੇਸ਼ੇਵਰ ਰੂਪ ਨਹੀਂ ਲੈ ਸਕਿਆ ਸੀ ਅਤੇ ਉਸ ਸਮੇਂ ਬੀ.ਸੀ.ਸੀ.ਆਈ. ਵਰਤਮਾਨ ਸਮੇਂ ਜਿੰਨਾ ਅਮੀਰ ਨਹੀਂ ਸੀ। ਪਰ ਲਤਾ ਮੰਗੇਸ਼ਕਰ ਅਜਿਹੇ 'ਚ ਬੀ.ਸੀ.ਸੀ.ਆਈ. ਅਤੇ ਖਿਡਾਰੀਆਂ ਦੀ ਮਦਦ ਦੇ ਲਈ ਅੱਗੇ ਆਈ ਸੀ। ਖਿਡਾਰੀਆਂ ਨੂੰ ਆਰਥਿਕ ਪੁਰਸਕਾਰ ਦੇ ਲਈ ਪੈਸਾ ਇਕੱਠਾ ਕਰਨ ਲਈ ਬੀ.ਸੀ.ਸੀ.ਆਈ. ਦੇ ਉਸ ਸਮੇਂ ਦੇ ਪ੍ਰਧਾਨ ਐੱਨ.ਕੇ.ਪੀ. ਸਾਲਵੇ ਨੇ ਲਤਾ ਜੀ ਤੋਂ ਇਕ ਸੰਗੀਤ ਪ੍ਰੋਗਰਾਮ ਆਯੋਜਿਤ ਕਰਨ ਦੀ ਬੇਨਤੀ ਕੀਤੀ ਸੀ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਇਸ ਪ੍ਰੋਗਰਾਮ ਨਾਲ ਕਰੀਬ 20 ਲੱਖ ਰੁਪਏ ਦੀ ਰਾਸ਼ੀ ਇਕੱਠੀ ਹੋਈ ਜਿਸ ਨੂੰ ਪੁਰਸਕਾਰ ਦੇ ਰੂਪ 'ਚ ਜੇਤੂ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਦਿੱਤਾ ਗਿਆ। ਇਸ ਨੂੰ ਲਤਾ ਜੀ ਦੀ ਮਹਾਨਤਾ ਹੀ ਕਿਹਾ ਜਾਵੇਗਾ ਕਿ ਉਨ੍ਹਾਂ ਮੁਫਤ 'ਚ ਬੀ.ਸੀ.ਸੀ.ਆਈ. ਦੇ ਲਈ ਪ੍ਰੋਗਰਾਮ ਕੀਤਾ। ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਲਈ ਇਹ ਲਤਾਜੀ ਦੀ ਖਾਸ ਸੌਗਾਤ ਸੀ।