ਅੱਜ ਲੰਕਾ ਫਤਿਹ!

08/14/2017 4:40:42 AM

ਪੱਲੇਕੇਲੇ— ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ (40 ਦੌੜਾਂ 'ਤੇ 4 ਵਿਕਟਾਂ) ਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਤੇ ਸਪਿਨਰ ਆਰ. ਅਸ਼ਵਿਨ ਦੀਆਂ 2-2 ਵਿਕਟਾਂ ਦੀ ਬਦੌਲਤ ਭਾਰਤ ਨੇ ਤੀਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਐਤਵਾਰ ਮੇਜ਼ਬਾਨ ਸ਼੍ਰੀਲੰਕਾ ਨੂੰ 135 ਦੌੜਾਂ 'ਤੇ ਢੇਰ ਕਰ ਕੇ ਉਸ ਨੂੰ ਫਾਲੋਆਨ ਖੇਡਣ ਲਈ ਮਜਬੂਰ ਕਰ ਦਿੱਤਾ।
ਭਾਰਤ ਨੇ ਪਹਿਲੀ ਪਾਰੀ ਵਿਚ 487 ਦੌੜਾਂ ਦਾ ਵੱਡਾ ਸਕੋਰ ਬਣਾਇਆ ਤੇ ਫਿਰ ਸ਼੍ਰੀਲੰਕਾ ਨੂੰ 135 ਦੌੜਾਂ 'ਤੇ ਸਮੇਟ ਕੇ ਉਸ ਨੂੰ ਦੂਜੀ ਪਾਰੀ ਵਿਚ ਫਾਲੋਆਨ ਖੇਡਣ ਲਈ ਮਜਬੂਰ ਕਰ ਦਿੱਤਾ। ਸ਼੍ਰੀਲੰਕਾ ਨੇ ਆਪਣੀ ਦੂਜੀ ਪਾਰੀ ਵਿਚ ਇਕ ਵਿਕਟ 'ਤੇ 19 ਦੌੜਾਂ ਬਣਾ ਲਈਆਂ ਹਨ। ਸ਼੍ਰੀਲੰਕਾ ਅਜੇ ਭਾਰਤ ਦੇ 487 ਦੌੜਾਂ ਦੇ ਸਕੋਰ ਤੋਂ 333 ਦੌੜਾਂ ਪਿੱਛੇ ਹੈ, ਜਦਕਿ ਉਸ ਦੀਆਂ 9 ਵਿਕਟਾਂ ਬਾਕੀ ਹਨ। ਭਾਰਤ ਜੇਕਰ ਅੱਜ ਮੇਜ਼ਬਾਨ ਟੀਮ ਦੀਆਂ ਬਾਕੀ ਵਿਕਟਾਂ ਕੱਢ ਲੈਂਦਾ ਹੈ ਤਾਂ ਉਹ ਇਤਿਹਾਸ ਰਚਦੇ ਹੋਏ ਤਿੰਨ ਟੈਸਟਾਂ ਦੀ ਸੀਰੀਜ਼ ਆਪਣੇ ਨਾਂ ਕਰ ਲਵੇਗਾ। ਸਟੰਪਸ ਦੇ ਸਮੇਂ ਦਿਮੁਥ ਕਰੁਣਾਰਤਨੇ 12 ਤੇ ਮਲਿੰਡਾ ਪੁਸ਼ਪਕੁਮਾਰਾ 00 ਦੇ ਸਕੋਰ 'ਤੇ ਅਜੇਤੂ ਕ੍ਰੀਜ਼ 'ਤੇ ਮੌਜੂਦ ਸਨ। ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਉੱਪਲ ਥਰੰਗਾ (7) ਨੂੰ ਬੋਲਡ ਕਰ ਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ।


ਸ਼੍ਰੀਲੰਕਾ ਨੇ ਚਾਹ ਦੇ ਸਮੇਂ ਤੋਂ ਬਾਅਦ 4 ਵਿਕਟਾਂ 'ਤੇ 61 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਪੂਰੀ ਟੀਮ 135 ਦੌੜਾਂ 'ਤੇ ਢੇਰ ਹੋ ਗਈ। ਸ਼੍ਰੀਲੰਕਾ ਨੇ ਆਪਣੀਆਂ ਆਖਰੀ ਛੇ ਵਿਕਟਾਂ 74 ਦੌੜਾਂ ਦੇ ਅੰਦਰ ਗੁਆ ਦਿੱਤੀਆਂ। ਕਪਤਾਨ ਦਿਨੇਸ਼ ਚਾਂਦੀਮਲ ਨੇ 87 ਗੇਂਦਾਂ ਵਿਚ ਛੇ ਚੌਕਿਆਂ ਦੀ ਮਦਦ ਨਾਲ ਸਭ ਤੋਂ ਵੱਧ 48 ਦੌੜਾਂ ਬਣਾਈਆਂ, ਉਥੇ ਹੀ ਵਿਕਟਕੀਪਰ ਨਿਰੋਸ਼ਨ ਡਿਕਵੇਲਾ ਨੇ 31 ਦੌੜਾਂ 'ਤੇ 29 ਦੌੜਾਂ ਦਾ ਯੋਗਦਾਨ ਦਿੱਤਾ। ਕੁਸ਼ਾਲ ਮੈਂਡਿਸ ਨੇ 18 ਦੌੜਾਂ ਬਣਾਈਆਂ। ਭਾਰਤ ਲਈ ਕੁਲਦੀਪ ਨੇ 40 ਦੌੜਾਂ ਦੇ ਕੇ 4 ਵਿਕਟਾਂ, ਸ਼ੰਮੀ ਨੇ 17 ਦੌੜਾਂ 'ਤੇ 2 ਵਿਕਟਾਂ, ਅਸ਼ਵਿਨ ਨੇ 22 ਦੌੜਾਂ 'ਤੇ 2 ਵਿਕਟਾਂ, ਹਾਰਦਿਕ ਪੰਡਯਾ ਨੇ 28 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ। 
ਇਸ ਤੋਂ ਪਹਿਲਾਂ ਭਾਰਤ ਨੇ ਆਪਣੇ ਕੱਲ ਦੇ ਸਕੋਰ ਛੇ ਵਿਕਟਾਂ 'ਤੇ 329 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਹਾਰਦਿਕ ਨੇ ਇਕ ਦੌੜ ਤੇ ਵਿਕਟੀਕਪਰ ਬੱਲੇਬਾਜ਼ ਰਿਧੀਮਾਨ ਸਾਹਾ ਨੇ 13 ਦੌੜਾਂ ਤੋਂ ਅੱਗੇ ਆਪਣੀ ਪਾਰੀ ਨੂੰ ਅੱਗੇ ਵਧਾਇਆ। ਸਾਹਾ ਆਪਣੇ ਸਕੋਰ ਵਿਚ ਤਿੰਨ ਦੌੜਾਂ ਦਾ ਹੋਰ ਵਾਧਾ ਕਰ ਕੇ 16 ਦੇ ਸਕੋਰ 'ਤੇ ਆਊਟ ਹੋ ਗਿਆ ਪਰ ਆਲਰਾਊਂਡਰ ਹਾਰਦਿਕ ਨੇ ਮੋਰਚਾ ਸੰਭਾਲਦੇ ਹੋਏ ਆਪਣੇ ਟੈਸਟ ਕਰੀਅਰ ਦਾ ਪਹਿਲਾ ਸੈਂਕੜਾ ਲਗਾਇਆ। ਉਸ ਨੇ 96 ਗੇਂਦਾਂ ਵਿਚ 8 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ ਸ਼ਾਨਦਾਰ 108 ਦੌੜਾਂ ਬਣਾਈਆਂ। ਹਾਰਦਿਕ ਦੇ ਇਸ ਸੈਂਕੜੇ ਦੀ ਬਦੌਲਤ ਭਾਰਤ 487 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਵਿਚ ਸਫਲ ਰਿਹਾ। ਸ਼੍ਰੀਲੰਕਾ ਵੱਲੋਂ ਲਕਸ਼ਣਨ ਸੰਦਾਕਨ ਨੇ 132 ਦੌੜਾਂ 'ਤੇ ਸਭ ਤੋਂ ਵੱਧ 5 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਪੁਸ਼ਪਕੁਮਾਰਾ 82 ਦੌੜਾਂ 'ਤੇ 3 ਵਿਕਟਾਂ ਤੇ ਵਿਸ਼ਵ ਫਰਨਾਂਡੋ ਨੇ 87 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।