ਨੈਸ਼ਨਲ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ ''ਚ ਲਲਿਤ ਜਾਂ ਅਰਵਿੰਦ ''ਚੋਂ ਹੋਵੇਗਾ ਕੋਈ ਜੇਤੂ

11/10/2017 5:08:04 AM

ਪਟਨਾ— 55ਵੀਂ ਖਾਦੀ ਇੰਡੀਆ ਨੈਸ਼ਨਲ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ-2017 ਵਿਚ ਅੱਜ 12ਵੇਂ ਰਾਊਂਡ ਦੀ ਖੇਡ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਆਖਰੀ ਤੇ ਫੈਸਲਾਕੁੰਨ ਮੁਕਾਬਲੇ ਵਿਚ ਲੱਗ ਗਈਆਂ ਹਨ। ਵੈਸੇ ਅਜੇ ਤਕ ਇਹ ਤਾਂ ਤੈਅ ਨਹੀਂ ਹੋਇਆ ਕਿ ਜੇਤੂ ਕੌਣ ਹੋਵੇਗਾ ਪਰ ਅੱਜ ਦੇ ਨਤੀਜਿਆਂ ਤੋਂ ਇਹ ਜ਼ਰੂਰ ਸਾਫ ਹੋ ਗਿਆ ਹੈ ਕਿ ਹੁਣ ਜੇਤੂ ਰੋਹਿਤ ਲਲਿਤ ਬਾਬੂ ਹੋਵੇਗਾ ਜਾਂ ਅਰਵਿੰਦ ਚਿਦਾਂਬਰਮ। ਦੋਵੇਂ ਹੀ ਅੱਜ ਆਪਣੇ-ਆਪਣੇ ਮੁਕਾਬਲੇ ਜਿੱਤ ਕੇ 8.5 ਅੰਕਾਂ 'ਤੇ ਪਹੁੰਚ ਗਏ ਹਨ ਤੇ ਹੁਣ ਬਾਕੀ ਖਿਡਾਰੀਆਂ ਲਈ ਉਨ੍ਹਾਂ ਨੂੰ ਰੋਕ ਸਕਣਾ ਸੰਭਵ ਨਹੀਂ ਹੈ।
ਅੱਜ ਹੋਏ ਮੁਕਾਬਲਿਆਂ ਵਿਚੋਂ 4 ਮੈਚਾਂ ਦੇ ਨਤੀਜੇ ਜਿੱਤ ਜਾਂ ਹਾਰ ਦੇ ਤੌਰ 'ਤੇ ਸਾਹਮਣੇ ਆਏ ਜਦਕਿ ਤਿੰਨ  ਮੈਚ ਡਰਾਅ ਰਹੇ। 
ਅੱਜ ਸਭ ਤੋਂ ਰੋਮਾਂਚਕ ਮੁਕਾਬਲਾ ਹੋਇਆ ਰੋਹਿਤ ਲਲਿਤ ਬਾਬੂ ਤੇ ਸੁਨੀਲ ਨਾਰਾਇਣਨ ਵਿਚਾਲੇ। ਇਸ ਮੁਕਾਬਲੇ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਸਨ ਕਿਉਂਕਿ ਹੁਣ ਤਕ ਦੋਵੇਂ ਹੀ ਖਿਡਾਰੀਆਂ ਨੇ ਚੈਂਪੀਅਨਸ਼ਿਪ ਵਿਚ ਚੰਗੀ ਖੇਡ ਦਾ ਪ੍ਰਦਰਸ਼ਨ  ਕੀਤਾ ਹੈ। ਹੰਗਰੀਅਨ ਡਿਫੈਂਸ ਵਿਚ ਹੋਏ ਇਸ ਮੁਕਾਬਲੇ ਵਿਚ ਸ਼ੁਰੂਆਤ ਤੋਂ ਹੀ ਦੋਵੇਂ ਖਿਡਾਰੀਆਂ ਨੇ ਕੋਈ ਵਾਧੂ ਜੋਖਮ ਨਹੀਂ ਚੁੱਕਿਆ ਤੇ ਮੋਹਰਿਆਂ ਦੀ ਅਦਲਾ-ਬਦਲੀ ਵਿਚਾਲੇ ਦੋਵਾਂ ਕੋਲ ਸੱਤ ਪਿਆਦੇ, ਇਕ ਵਜ਼ੀਰ, ਦੋ ਹਾਥੀ ਤੇ ਇਕ ਘੋੜਾ ਸੀ । 31 ਚਾਲਾਂ ਤਕ ਅਜਿਹਾ ਲੱਗ ਰਿਹਾ ਸੀ ਕਿ ਮੈਚ ਜਲਦ ਹੀ ਬਰਾਬਰੀ 'ਤੇ ਖਤਮ ਹੋਵੇਗਾ ਪਰ ਲਲਿਤ ਨੇ ਉਸਦੇ ਰਾਜੇ ਦੇ ਸਾਹਮਣੇ ਦੀਆਂ ਤਿੰਨ ਲਾਈਨਾਂ ਵਿਚ ਥੋੜ੍ਹੀ ਕਮਜ਼ੋਰੀ ਨੂੰ ਨਿਸ਼ਾਨਾ ਬਣਾ ਕੇ ਆਪਣੇ ਹਾਥੀ ਤੇ ਵਜ਼ੀਰ ਨਾਲ ਇਕ ਜ਼ੋਰਦਾਰ ਹਮਲਾ ਕੀਤਾ ਤੇ ਸੁਨੀਲ ਇਸ ਤੋਂ ਆਸਾਨੀ ਨਾਲ ਆਪਣੇ ਵਜ਼ੀਰਾਂ ਦੇ ਬਚਾਅ ਕਰ ਸਕਦਾ ਸੀ ਪਰ ਉਸ ਨੇ ਇਕ ਵੱਡੀ ਭੁੱਲ ਕਰਦੇ ਹੋਏ ਆਪਣੇ ਪਿਆਦੇ ਨਾਲ ਬਚਾਅ ਕਰਨ ਦਾ ਫੈਸਲਾ ਕੀਤਾ ਤੇ ਇਕ ਚਾਲ ਦੇ ਫਰਕ ਵਿਚ ਲਲਿਤ ਨੇ ਆਪਣੀ ਸ਼ਾਨਦਾਰ ਸਮਝ ਦਿਖਾਉਂਦਿਆਂ ਆਪਣੇ ਘੋੜੇ ਨੂੰ ਕੁਰਬਾਨ ਕਰ ਕੇ ਉਸਦੇ ਰਾਜੇ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਕਿ ਕੋਈ ਬਚਾਅ ਨਾ ਹੁੰਦਾ ਦੇਖ ਸਿਰਫ 39 ਚਾਲਾਂ ਵਿਚ ਇਕ ਮੋਹਰਾ ਜ਼ਿਆਦਾ ਹੁੰਦੇ ਹੋਏ ਵੀ ਸੁਨੀਲ ਨੇ ਖੇਡ ਵਿਚ ਹਾਰ ਮੰਨ ਲਈ। 
ਅਰਵਿੰਦ ਨੇ ਅੱਜ ਖਰਾਬ ਲੈਅ ਵਿਚ ਚੱਲ ਰਹੇ ਹਿਮਾਂਸ਼ੂ ਨੂੰ ਹਰਾਉਂਦਿਆਂ ਇਕ ਆਸਾਨ ਜਿੱਤ ਦਰਜ ਕੀਤੀ ਤੇ ਖਿਤਾਬ 'ਤੇ ਆਪਣੀ ਉਮੀਦ ਬਰਕਰਾਰ ਰੱਖੀ। ਹਿਮਾਂਸ਼ੂ ਲਈ ਇਹ ਲਗਾਤਾਰ  ਠੇਲੀਂ ਚੇ ਚੈਂਪੀਅਨਸ਼ਿਪ ਵਿਚ 8ਵੀਂ ਹਾਰ ਸੀ। ਸ਼ੁਰੂਆਤ ਤੋਂ ਹੀ ਉਹ ਆਪਣੇ ਮੋਹਰਿਆਂ ਦੀ ਸਥਿਤੀ ਵਿਚ ਲਗਾਤਾਰ ਬਦਲਾਅ ਕਰਦਾ ਰਿਹਾ ਤੇ ਇਸਦਾ ਫਾਇਦਾ ਅੱਜ ਅਰਵਿੰਦ ਨੇ ਭਰਪੂਰ ਚੁੱਕਿਆ ਤੇ ਪੇਟ੍ਰਾਫ ਡਿਫੈਂਸ ਵਿਚ ਹੋਏ ਇਸ ਮੁਕਾਬਲੇ ਵਿਚ  49 ਚਾਲਾਂ ਵਿਚ ਜਿੱਤ ਦਰਜ ਕੀਤੀ।
ਅੱਜ ਦੇ ਦੋ ਹੋਰ ਨਤੀਜਿਆਂ ਵਿਚ ਸਮਮੇਦ ਛੋਟੇ ਸ਼ਿਆਮ ਨਿਖਿਲ ਨੂੰ ਤੇ ਐੱਸ. ਨਿਤਿਨ ਨੇ ਦੀਪਨ ਚੱਕਰਵਰਤੀ ਨੂੰ ਹਰਾਇਆ। ਜਦਕਿ ਸਵਪਿਨਲ ਥੋਪਾੜੇ ਨੇ ਮੁਰਲੀ ਕਾਰਤੀਕੇਅਨ ਨਾਲ, ਅਭਿਜੀਤ ਕੁੰਟੇ ਨੇ ਦੇਬਾਸ਼ੀਸ਼ ਦਾਸ ਨਾਲ ਅਤੇ ਆਰ. ਆਰ. ਲਕਸ਼ਮਣ ਨੇ ਅਰਾਧਿਆਦੀਪ ਦਾਸ ਨਾਲ ਡਰਾਅ ਖੇਡੇ। 
ਆਖਰੀ ਰਾਊਂਡ ਤੋਂ ਪਹਿਲਾਂ ਹੁਣ 12 ਰਾਊਂਡ ਤੋਂ ਬਾਅਦ ਲਲਿਤ ਤੇ ਅਰਵਿੰਦ 8.5 ਅੰਕਾਂ ਨਾਲ ਟਾਈਬ੍ਰੇਕ ਦੇ ਆਧਾਰ 'ਤੇ ਪਹਿਲੇ ਤੇ ਦੂਜੇ ਸਥਾਨ 'ਤੇ ਹਨ ਜਦਕਿ ਮੁਰਲੀ, ਅਰਧਿਆਦੀਪ ਤੇ ਐੱਸ. ਨਿਤਿਨ 7 ਅੰਕਾਂ 'ਤੇ ਚੱਲ ਰਹੇ ਹਨ ਅਰਥਾਤ ਜੇਤੂ ਲਲਿਤ ਤੇ ਅਰਵਿੰਦ ਵਿਚੋਂ ਹੀ ਹੋਵੇਗਾ ਪਰ ਖਾਸ ਗੱਲ ਇਹ ਹੈ ਕਿ ਅੰਕ ਬਰਾਬਰ ਰਹਿਣ 'ਤੇ ਲਲਿਤ ਨੇ ਕਿਉਂਕਿ ਅਰਵਿੰਦ ਨੂੰ ਹਰਾਇਆ ਹੈ, ਉਹ ਅੱਗੇ ਹੀ ਰਹੇਗਾ । ਕੱਲ ਰੋਹਿਤ ਨੂੰ ਸਵਪਿਨਲ ਨਾਲ ਤੇ ਅਰਵਿੰਦ ਨੂੰ ਦੇਬਾਸ਼ਾਸ਼ੀ ਨਾਲ ਮੁਕਾਬਲਾ ਖੇਡਣਾ ਹੈ ਤੇ ਨਤੀਜਿਆਂ 'ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ। 
ਹੋਰਨਾਂ ਖਿਡਾਰੀਆਂ ਵਿਚ ਦੇਬਾਸ਼ੀਸ਼ ਸੁਨੀਲ 6.5 ਅੰਕਾਂ 'ਤੇ, ਲਕਸ਼ਮਣ 6 ਅੰਕਾਂ, ਦੀਪਨ ਚੱਕਰਵਰਤੀ ਤੇ ਅਭਿਜੀਤ 5.5 ਅੰਕ 'ਤੇ, ਸ਼ਿਆਮ ਨਿਖਿਲ 4.5 ਅੰਕ, ਸਮਮੇਦ 4 ਅੰਕ ਤੇ ਹਿਮਾਂਸ਼ੂ  2 ਅੰਕਾਂ 'ਤੇ ਖੇਡ ਰਹੇ ਹਨ।