IND vs NZ 2nd Test : ਪੱਤਰਕਾਰ ਦੇ ਸਵਾਲ ’ਤੇ ਭੜਕੇ ਕੋਹਲੀ, ਇੰਝ ਕਰਾਇਆ ਚੁੱਪ (Video)

03/02/2020 12:25:10 PM

ਕ੍ਰਾਈਸਟਚਰਚ : ਭਾਰਤੀ ਕਪਤਾਨ ਵਿਰਾਟ ਕੋਹਲੀ ਸੋਮਵਾਰ ਨੂੰ ਨਾਰਾਜ਼ ਹੋ ਗਏ ਜਦੋਂ ਉਸ ਤੋਂ ਇੱਥੇ ਦੂਜੇ ਟੈਸਟ ਦੇ ਦੂਜੇ ਦਿਨ ਵਿਰੋਧੀ ਕਪਤਾਨ ਕੇਨ ਵਿਲੀਅਮਸਨ ਦੇ ਆਊਟ ਹੋਣ ’ਤੇ ਉਸ ਦੇ ਜ਼ਬਰਦਸਤ ਜਸ਼ਨ ਮਨਾਉਣ ਦੇ ਬਾਰੇ ਪੁੱਛਿਆ ਗਿਆ। ਕੋਹਲੀ ਨੇ ਹਾਲਾਂਕਿ ਬਾਅਦ ਵਿਚ ਸਾਫ ਕੀਤਾ ਕਿ ਮੈਚ ਦੌਰਾਨ ਜੋ ਹੋਇਆ ਉਸ ਤੋਂ ਮੈਚ ਰੈਫਰੀ ਨੂੰ ਕੋਈ ਪਰੇਸ਼ਾਨੀ ਨਹੀਂ ਸੀ। ਹਾਲਾਂਕਿ ਜਦੋਂ ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਇਸ ਨੂੰ ਜ਼ਿਆਦਾ ਤਵੱਜੋ ਨਾ ਦਿੰਦਿਆਂ ਕਿਹਾ, ‘‘ਵਿਰਾਟ ਦੀ ਇਹੀ ਖਾਸੀਅਤ ਹੈ, ਉਹ ਕਾਫੀ ਜਜ਼ਬੇ ਦੇ ਨਾਲ ਖੇਡ ਨੂੰ ਖੇਡਦਾ ਹੈ ਅਤੇ ਮੈਨੂੰ ਨਹੀਂ ਲਗਦਾ ਕਿ ਇਸ ਬਾਰੇ ਬਹੁਤ ਜ਼ਿਆਦਾ ਸੋਚਣ ਦੀ ਜ਼ਰੂਰਤ ਹੈ।’’

ਭਾਰਤ ਦੀ 7 ਵਿਕਟਾਂ ਨਾਲ ਹਾਰ ਤੋਂ ਬਾਅਦ ਇਕ ਸਥਾਨਕ ਪੱਤਰਕਾਰ ਨੇ ਵਿਲੀਅਮਸਨ ਖਿਲਾਫ ਕਥਿਤ ਤੌਰ ’ਤੇ ਅਪਸ਼ਬਦਾਂ ਦੀ ਵਰਤੋਂ ’ਤੇ ਕੋਹਲੀ ਦੀ ਪ੍ਰਤੀਕਿਰਿਆ ਪੁੱਛੀ ਤਾਂ ਇਹ ਭਾਰਤੀ ਕਪਤਾਨ ਨੂੰ ਪਸੰਦ ਨਹੀਂ ਆਇਆ। ਭਾਰਤ ਨੇ ਸੀਰੀਜ਼ 0-2 ਨਾਲ ਗੁਆਈ। ਕੋਹਲੀ ਦੇ ਚਿਹਰੇ ’ਤੇ ਗੁੱਸਾ ਸਾਫ ਦੇਖਿਆ ਜਾ ਸਕਦਾ ਸੀ ਅਤੇ ਕੋਹਲੀ ਨੇ ਪੁੱਛਿਆ ਕਿ ਤੁਹਾਨੂੰ ਕੀ ਲਗਦਾ ਹੈ? ਮੈਂ ਤੁਹਾਡੇ ਤੋਂ ਜਵਾਬ ਮੰਗ ਰਿਹਾ ਹਾਂ। ਕੋਹਲੀ ਨੇ ਕਿਹਾ, ‘‘ਤੁਹਾਨੂੰ ਜਵਾਬ ਲੱਭਣ ਦੀ ਜ਼ਰੂਰਤ ਹੈ ਅਤੇ ਬਿਹਤਰ ਸਵਾਲ ਦੇ ਨਾਲ ਆਓ। ਜੋ ਹੋਇਆ ਉਸ ਨੂੰ ਲੈ ਕੇ ਤੁਸੀਂ ਇੱਥੇ ਅਧੂਰੀ ਜਾਣਕਾਰੀ ਅਤੇ ਅਧੂਰੇ ਸਵਾਲ ਦੇ ਨਾਲ ਨਹੀਂ ਆ ਸਕਦੇ। ਜੇਕਰ ਤੁਹਾਨੂੰ ਵਿਵਾਦ ਪੈਦਾ ਕਰਨਾ ਹੈ ਤਾਂ ਇਹ ਸਹੀ ਜਗ੍ਹਾ ਨਹੀਂ ਹੈ। ਮੈਂ ਮੈਚ ਰੈਫਰੀ ਨਾਲ ਗੱਲਬਾਤ ਕੀਤੀ ਅਤੇ ਜੋ ਹੋਇਆ ਉਸ ਤੋਂ ਰੈਫਰੀ ਨੂੰ ਕੋਈ ਸਮੱਸਿਆ ਨਹੀਂ ਹੈ।’’