US Open ਜਿੱਤਣ 'ਤੇ ਚਰਚਾ 'ਚ ਆਏ ਕਾਰਲੋਸ ਅਲਕਾਰਾਜ਼ ਤੇ ਇਗਾ ਸਵਿਯਾਤੇਕ ਨਾਲ ਸਬੰਧਤ ਜਾਣੋ ਕੁਝ ਰੌਚਕ ਤੱਥ

09/14/2022 6:34:47 PM

ਸਪੋਰਟਸ ਡੈਸਕ- ਟੈਨਿਸ ਜਗਤ ਵਿਚ ਯੂ. ਐੱਸ.ਓਪਨ 2022 ਨਵੇਂ ਚੈਂਪੀਅਨ (ਕਾਰਲੋਸ ਅਲਕਾਰਾਜ਼ ਪੁਰਸ਼ ਤੇ ਇਗਾ ਸਵਿਯਾਤੇਕ ਮਹਿਲਾ ਵਰਗ) ਲੈ ਕੇ ਸਾਹਮਣੇ ਆਇਆ। ਪੁਰਸ਼ ਵਰਗ ਵਿਚ ਜਿੱਥੇ ਨਡਾਲ ਤੇ ਜੋਕੋਵਿਚ ਦਾ ਵੱਕਾਰ ਟੁੱਟਾ ਹੈ ਤਾਂ ਉੱਥੇ ਹੀ ਮਹਿਲਾ ਵਰਗ ਵਿਚ  ਵਿਲੀਅਮਸ ਭੈਣਾਂ (ਸੇਰੇਨਾ ਤੇ ਵੀਨਸ) ਅਤੇ ਸਿਮੋਨਾ ਹਾਲੇਪ ਗ੍ਰੈਂਡ ਸਲੈਮ ਜਿੱਤਣ ਤੋਂ ਖੁੰਝ ਗਈਆਂ। ਯੂ. ਐੱਸ. ਗ੍ਰੈਂਡ ਸਲੈਮ ਦੇ ਇਹ ਦੋਵੇਂ ਨਵੇਂ ਚੈਂਪੀਅਨ ਆਪਣੇ ਲਾਈਫਸਟਾਈਲ ਨੂੰ ਲੈ ਕੇ ਚਰਚਾ ਵਿਚ ਹਨ। ਇਗਾ ਨੂੰ ਜਿੱਥੇ ਵਿਹਲੇ ਸਮੇਂ ਵਿਚ ਗਿਟਾਰ ਵਜਾਉਣਾ ਪਸੰਦ ਹੈ ਤਾਂ ਉੱਥੇ ਹੀ ਅਲਕਾਰਾਜ਼ ਮਾਨਚੈਸਟਰ ਯੂਨਾਈਟਿਡ ਦਾ ਕੋਈ ਮੈਚ ਨਹੀਂ ਦੇਖਣਾ ਛੱਡਦਾ। ਜਾਣੋਂ ਇਨ੍ਹਾਂ ਦੇ ਕੁਝ ਰੌਚਕ ਤੱਥ-

ਇਗਾ ਸਵਿਯਾਤੇਕ ਨਾਲ ਸਬੰਧਤ ਰੌਚਕ ਤੱਥ

ਪੂਰਾ ਨਾਂ : ਇਗਾ ਸਵਿਯਾਤੇਕ
ਦੇਸ਼ : ਪੋਲੈਂਡ
ਨਿਵਾਸ : ਰਸਿਜਨ, ਪੋਲੈਂਡ
ਜਨਮ : 31 ਮਈ 2001 (ਉਮਰ 21)
ਵਾਰਸਾ, ਪੋਲੈਂਡ
ਕੱਦ : 5 ਫੁੱਟ 9 ਇੰਚ
ਕੋਚ : ਟਾਮਸ ਵਿਕਟੋਰੋਵਸਕੀ
ਇਨਾਮੀ ਰਾਸ਼ੀ : 14,076,777 ਡਾਲਰ

ਇਹ ਵੀ ਪੜ੍ਹੋ : ਭਾਰਤੀ ਕ੍ਰਿਕਟਰ ਰਿਸ਼ਭ ਪੰਤ ਲਈ ਉਰਵਸ਼ੀ ਰੌਤੇਲਾ ਦੇ ਬਦਲੇ ਤੇਵਰ, ਹੱਥ ਜੋੜ ਕੇ ਮੰਗੀ ਮੁਆਫ਼ੀ (ਵੀਡੀਓ)

ਲਗਾਤਾਰ 35 ਮੈਚ ਜਿੱਤੇ

ਪੌਲਿਸ਼ ਟੈਨਿਸ ਸਟਾਰ ਨੇ 3 ਸੈਸ਼ਨਾਂ ਵਿਚ ਦੂਜੀ ਵਾਰ ਫ੍ਰੈਂਚ ਓਪਨ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤਿਆ। ਉਸ ਨੇ ਸਿੱਧੇ ਸੈੱਟਾਂ ਵਿਚ ਕੋਕੋ ਗਾਫ ਨੂੰ 6-1, 6-3 ਨਾਲ ਹਰਾ ਕੇ ਲਗਾਤਾਰ 35 ਮੈਚ ਜਿੱਤਣ ਦਾ ਰਿਕਾਰਡ ਬਣਾਇਆ ਸੀ। 21 ਸਾਲਾ ਇਗਾ ਸਿਰਫ ਦੂਜਾ ਗ੍ਰੈਂਡ ਸਲੈਮ ਜਿੱਤ ਕੇ ਏ. ਟੀ. ਪੀ.ਰੈਂਕਿੰਗ ਵਿਚ ਨੰਬਰ-1 ’ਤੇ ਪਹੁੰਚ ਗਈ ਹੈ।

ਓਲੰਪੀਅਨ ਪਰਿਵਾਰ ਤੋਂ ਹੈ ਇਗਾ

ਇਗਾ ਐਥਲੈਟਿਕਸ ਨਾਲ ਸਬੰਧ ਰੱਖਣ ਵਾਲੇ ਪਰਿਵਾਰ ਤੋਂ ਹੈ। ਉਸਦੇ ਪਿਤਾ ਟੋਮਾਜ ਸਵਿਯਾਤੇਕ ਯੂਨੀਵਰਸਿਟੀ ਵਿਚ ਰੋਵਰ ਸਨ, ਜਿਨ੍ਹਾਂ  ਨੇ 1987 ਵਿਚ ਜਾਗ੍ਰੇਬ ਵਿਚ ਵਿਸ਼ਵ ਯੂਨੀਵਰਸਿਟੀ ਖੇਡਾਂ ਵਿਚ ਸੋਨ ਤਮਗਾ ਜਿੱਤਿਆ ਸੀ। ਉਨ੍ਹਾਂ ਨੇ ਸਿਓਲ ਓਲੰਪਿਕ ਖੇਡਾਂ 1988 ਵਿਚ ਪੋਲੈਂਡ ਦੀ ਪ੍ਰਤੀਨਿਧਤਾ ਕੀਤੀ ਤੇ ਸਕੱਲਸ ਵਿਚ 7ਵੇਂ ਸਥਾਨ ’ਤੇ ਰਹੇ।

ਕੋਚ ਨੇ ਗਿਫਟ ਕੀਤੀ ਸੀ ਗਿਟਾਰ

ਇਗਾ ਜਦੋਂ ਛੋਟੀ ਸੀ ਤਾਂ ਭਾਵਨਾਤਮਕ ਤੌਰ ’ਤੇ ਕਮਜ਼ੋਰ ਸੀ। ਖੇਡ ਵਿਚ ਉਸਦੀ ਇਹ ਕਮਜ਼ੋਰੀ ਅੜਿੱਕਾ ਨਾ ਬਣੇ, ਇਸ ਲਈ ਉਸਦੀ ਖੇਡ ਮਨੋਵਿਗਿਆਨਿਕ ਡਾਯਿਰ ਅਬ੍ਰਾਮੋਵਿਕਜ ਨੇ ਉਸ ਨੂੰ ਗਿਟਾਰ ਲੈ ਕੇ ਦਿੱਤੀ। ਇਗਾ ਵਿਹਲੇ ਸਮੇਂ ਵਿਚ ਇਸ ਨੂੰ ਵਜਾਉਂਦੀ ਹੈ। ਇਸ ਨੇ ਉਸ ਨੂੰ ਭਾਵਨਾਵਾਂ ਨੂੰ ਕੰਟਰੋਲ ਕਰਨ ਵਿਚ ਮਦਦ ਕੀਤੀ। 

ਨਡਾਲ ਦੀ ਹੈ ਵੱਡੀ ਪ੍ਰਸ਼ੰਸਕ

ਇਗਾ ਸਪੇਨ ਦੇ ਟੈਨਿਸ ਸਟਾਰ ਖਿਡਾਰੀ ਰਾਫੇਲ ਨਡਾਲ ਦੀ ਵੱਡੀ ਪ੍ਰਸ਼ੰਸਕ ਹੈ। ਉਸਦੀ ਮਲੋਰਕੋ ਵਿਚ ਟੈਨਿਸ ਅਕੈਡਮੀ ਨੂੰ ਦੇਖ ਕੇ ਇਗਾ ਨੇ ਕਿਹਾ ਸੀ ਕਿ ਨਿਸ਼ਚਿਤ ਰੂਪ ਨਾਲ ਰਾਫਾ ਨੇ ਗ੍ਰੈਂਡ ਸਲੈਮ ਟਰਾਫੀਆਂ ਜਿੱਤੀਆਂ ਹਨ। ਮੈਂ ਹੈਰਾਨ ਸੀ। ਉਸਦੇ ਕੋਲ ਬਾਰਸੀਲੋਨਾ, ਮੋਂਟੇ ਕਾਰਲੋ ਤੇ ਰੋਮ ਵਿਚ ਜਿੱਤੀਆਂ ਟਰਾਫੀਆਂ ਹਨ। ਉਹ ਪਸੰਦੀਦਾ ਹੈ। 

ਯੂਥ ਓਲੰਪਿਕ ਖੇਡਾਂ ਦੀ ਡਬਲਜ਼ ਚੈਂਪੀਅਨ

ਇਗਾ ਨੇ 2018 ਵਿਚ ਜੂਨੀਅਰ ਵਿੰਬਲਡਨ ਜਿੱਤਣ ਦੇ ਨਾਲ-ਨਾਲ ਬਿਊਨਸ ਆਇਰਸ 2018 ਯੂਥ ਓਲੰਪਿਕ ਖੇਡਾਂ ਦੇ ਡਬਲਜ਼ ਵਰਗ ਵਿਚ ਸੋਨ ਤਮਗਾ ਜਿੱਤਿਆ ਸੀ। ਇਗਾ ਨੇ ਬਤੌਰ ਪੇਸ਼ੇਵਰ ਪਿਛਲੇ ਸਾਲ ਯੂ. ਐੱਸ. ਏ. ਦੀ ਬੇਥਾਨੀ ਮਾਟੇਕ ਸੈਂਡ੍ਰਸ ਦੇ ਨਾਲ ਫ੍ਰੈਂਚ ਓਪਨ 2021 ਦੇ ਫਾਈਨਲ ਵਿਚ ਜਗ੍ਹਾ ਬਣਾਈ ਸੀ। 

ਕਾਰਲੋਸ ਅਲਕਾਰਾਜ਼ ਨਾਲ ਸਬੰਧਤ ਰੌਚਕ ਤੱਥ

ਪੂਰਾ ਨਾਂ : ਕਾਰਲੋਸ ਅਲਕਾਰਾਜ਼ ਗਾਰਫੀਆ
ਦੇਸ਼ : ਸਪੇਨ
ਨਿਵਾਸ : ਵਿਲੇਨਾ, ਸਪੇਨ
ਜਨਮ : 5 ਮਈ 2003 (ਉਮਰ 19)
ਐੱਲ. ਪਾਲਮਾਰ, ਮਰਸੀਆ, ਸਪੇਨ
ਕੱਟ : 6 ਫੁੱਟ 1 ਇੰਚ
ਕੋਚ : ਜੁਆਨ ਕਾਰਲੋਸ ਫੇਰੇਰੋ
ਇਨਾਮੀ ਰਾਸ਼ੀ : 9,11,90,45 ਡਾਲਰ

ਜਿੱਤੇਗਾ 30 ਗ੍ਰੈਂਡ ਸਲੈਮ

ਅਲਕਾਰਾਜ਼ ਦੇ ਕੋਚ ਜੁਆਨ ਕਾਰਲੋਸ ਫੇਰੇਰੋ ਜਿਹੜਾ ਕਿ ਸਾਬਕਾ ਨੰਬਰ ਇਕ ਖਿਡਾਰੀ ਹੈ। ਉਸ ਨੂੰ ਲੱਗਦਾ ਹੈ ਕਿ ਇਹ ਸਟਾਰ ਖਿਡਾਰੀ 30 ਗ੍ਰੈਂਡ ਸਲੈਮ ਖਿਤਾਬ ਜਿੱਤੇਗਾ। ਫੇਰੇਰੋ ਨੇ ਕਿਹਾ, ‘‘ਬੇਸ਼ੱਕ, ਰੋਜ਼ਰ ਫੈਡਰਰ ਨਾਲ (ਕਿਸੇ ਦੀ) ਤੁਲਨਾ ਕਰਨਾ ਮੁਸ਼ਕਿਲ ਹੈ ਪਰ ਇਕ ਨਾਂ ਮੇਰੇ ਕੋਲ ਹੈ। ਇਹ ਆਉਣ ਵਾਲੇ ਸਮੇਂ ਵਿਚ 30 ਗ੍ਰੈਂਡ ਸਲੈਮ ਖਿਤਾਬ ਜਿੱਤ ਸਕਦਾ ਹੈ।

ਏ. ਟੀ.ਪੀ.ਰੈਂਕਿੰਗ ’ਚ ਨੰਬਰ-1

ਅਲਕਾਰਾਜ਼ ਨੇ ਛੇ ਏ. ਟੀ. ਪੀ. ਟੂਰ ਸਿੰਗਲਜ਼ ਖਿਤਾਬ ਜਿੱਤੇ ਹਨ, ਜਿਸ ਵਿਚ 2022 ਯੂ. ਐੱਸ.ਓਪਨ ਤੇ ਦੋ ਮਾਸਟਰਸ 1000 ਸ਼ਾਮਲ ਹਨ। ਸਤੰਬਰ 2022 ਵਿਚ ਯੂ. ਐੱਸ.ਓਪਨ ਜਿੱਤ ਕੇ ਅਲਕਾਰਾਜ 19 ਸਾਲ, 4 ਮਹੀਨੇ ਤੇ 6 ਦਿਨ ਦੀ ਉਮਰ ਵਿਚ ਸਭ ਤੋਂ ਘੱਟ ਉਮਰ ਵਿਚ ਪੁਰਸ਼ ਰੈਂਕਿੰਗ ਵਿਚ ਦੁਨੀਆ ਦਾ ਨੰਬਰ-1 ਖਿਡਾਰੀ ਬਣ ਗਿਆ ਹੈ।

ਫੁੱਟਬਾਲ ਮੈਚ ਮਿਸ ਨਹੀਂ ਕਰਦਾ

ਅਲਕਾਰਾਜ਼ ਫੁੱਟਬਾਲ ਤੇ ਗੋਲਫ ਦਾ ਪ੍ਰਸ਼ੰਸਕ ਹੈ। ਉਹ ਕਦੇ ਵੀ ਪਸੰਦੀਦਾ ਮਾਨਚੈਸਟਰ ਯੂਨਾਈਟਿਡ ਦੀ ਖੇਡ ਦੇਖਣ ਤੋਂ ਨਹੀਂ ਖੁੰਝਦਾ। 6 ਫੁੱਟ 1 ਇੰਚ ਲੰਬਾ ਅਲਕਾਰਾਜ਼ ਕਾਲਜ ਵਿਚ ਫੁੱਟਬਾਲ ਖੇਡਿਆ ਕਰਦਾ ਸੀ ਪਰ ਘਰ ’ਚ ਪਿਤਾ ਤੇ ਤਿੰਨ ਕਜ਼ਿਨ ਅਲਵਾਰੋ, ਸਰਜੀਓ ਤੇ ਜੇਮੀ ਦੇ ਨਾਲ ਟੈਨਿਸ ਖੇਡਦਾ ਸੀ। 

ਸਵਾ 5 ਘੰਟੇ ਖੇਡਿਆ ਲੰਬਾ ਮੁਕਾਬਲਾ

ਯੂ.ਐੱਸ.ਓਪਨ ਵਿਚ 21 ਸਾਲਾ ਸਿਨਰ ਤੇ ਅਲਕਾਰਾਜ਼ ਦਰਮਿਆਨ ਕੁਆਰਟਰ ਫਾਈਨਲ ਮੁਕਾਬਲਾ 5 ਘੰਟੇ 15 ਮਿੰਟ ਤਕ ਚੱਲਿਆ ਜਿਹੜਾ ਕਿ ਟੂਰਨਾਮੈਂਟ ਦਾ ਦੂਜਾ ਸਭ ਤੋਂ ਲੰਬਾ ਮੈਚ ਸੀ। ਇਹ ਤੜਕੇ 2.50 ਵਜੇ ਖਤਮ ਹੋਇਆ। ਕੁਝ ਮਹੀਨੇ ਪਹਿਲਾਂ ਵਿੰਬਲਡਨ ਵਿਚ ਸਿਨਰ ਨੇ ਅਲਕਾਰਾਜ਼ ਨੂੰ 6-1, 6-4, 6-7, 6-3 ਨਾਲ ਹਰਾਇਆ ਸੀ। 

2022 ਵਿਚ ਜਿੱਤੇ 51 ਮੁਕਾਬਲੇ

ਅਲਕਾਰਾਜ਼ ਨੇ ਏ. ਟੀ. ਪੀ. ਟੂਰ ਵਿਚ ਯੂ. ਐੱਸ.ਓਪਨ ਜਿੱਤਣ ਦੇ ਨਾਲ ਹੀ ਸਾਲ ਵਿਚ 51 ਮੁਕਾਬਲੇ ਵੀ ਜਿੱਤ ਲਏ। ਉਹ ਇਸ ਸਾਲ 5 ਖਿਤਾਬ ਜਿੱਤ ਚੁੱਕਾ ਹੈ। ਆਪਣੀਆਂ ਉਪਲੱਬਧੀਆਂ ’ਤੇ ਉਸ ਨੇ ਕਿਹਾ ਕਿ ਬੇਸ਼ੱਕ ਮੈਨੂੰ ਹੋਰ ਭੁੱਖ (ਖਿਤਾਬ ਜਿੱਤਣ ਦੀ) ਲੱਗੀ ਹੈ। ਮੈਂ ਕਈ-ਕਈ ਹਫਤਿਆਂ ਲਈ ਰੈਂਕਿੰਗ ’ਚ ਚੋਟੀ ’ਤੇ ਰਹਿਣਾ ਚਾਹੁੰਦਾ ਹਾਂ।

ਇਹ ਵੀ ਪੜ੍ਹੋ : 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਜ਼ਿਲ੍ਹਾ ਪੱਧਰੀ ਪਾਵਰਲਿਫਟਿੰਗ ਚੈਂਪੀਅਨਸ਼ਿਪ ਜਲੰਧਰ 'ਚ 19 ਸਤੰਬਰ ਨੂੰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh