ਇਹ ਧਾਕੜ ਕ੍ਰਿਕਟਰ ਬਣ ਸਕਦੈ ਭਵਿੱਖ 'ਚ ਟੀਮ ਇੰਡੀਆ ਦਾ ਕਪਤਾਨ, ਜਾਣੋ ਕਿਵੇਂ

02/03/2020 2:34:30 PM

ਸਪੋਰਟਸ ਡੈਸਕ— ਟੀਮ ਇੰਡੀਆ ਇਸ ਸਮੇਂ ਨਿੱਤ ਨਵੇਂ ਰਿਕਾਰਡ ਬਣਾ ਰਹੀ ਹੈ। ਟੀਮ ਇੰਡੀਆ ਜਿੱਥੇ ਵੀ ਖੇਡਦੀ ਹੈ, ਨਵਾਂ ਰਿਕਾਰਡ ਬਣ ਹੀ ਜਾਂਦਾ ਹੈ। ਭਾਵੇਂ ਘਰੇਲੂ ਮੈਦਾਨ 'ਤੇ ਖੇਡੇ ਜਾਂ ਬਾਹਰ। ਇਸੇ ਤਰ੍ਹਾਂ ਨਿਊਜ਼ੀਲੈਂਡ ਦੌਰੇ 'ਚ ਟੀਮ ਇੰਡੀਆ ਨੇ ਟੀ-20 ਸੀਰੀਜ਼ ਜਿੱਤੀ। ਟੀਮ ਦੇ ਲਗਭਗ ਸਾਰੇ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਪਰ ਇਸ ਸਮੇਂ ਅਸੀਂ ਗੱਲ ਕਰ ਰਹੇ ਹਾਂ ਟੀਮ ਇੰਡੀਆ ਦੀ ਨਵੇਂ ਕਪਤਾਨ ਦੀ। ਕੀ ਤੁਸੀਂ ਉਸ ਦਾ ਨਾਂ ਜਾਣਦੇ ਹੋ, ਜੇਕਰ ਨਹੀਂ ਜਾਣਦੇ ਤਾਂ ਆਓ ਅਸੀਂ ਤੁਹਾਨੂੰ ਇਸ ਬਾਰੇ ਦਸਦੇ ਹਾਂ।

ਵਿਰਾਟ ਕੋਹਲੀ ਨੂੰ ਪੰਜਵੇਂ ਅਤੇ ਆਖਰੀ ਟੀ-20 'ਚ ਆਰਾਮ ਦਿੱਤਾ ਗਿਆ ਸੀ। ਇਸ ਵਾਰ ਕਪਤਾਨੀ ਦੀ ਕਮਾਨ ਰੋਹਿਤ ਸ਼ਰਮਾ ਨੂੰ ਸੌਂਪੀ ਗਈ ਸੀ ਤੇ ਕੇ. ਐੱਲ. ਰਾਹੁਲ ਉਪ ਕਪਤਾਨ ਬਣਾਇਆ ਗਿਆ ਸੀ। ਪਹਿਲਾ ਵਿਕਟ ਛੇਤੀ ਡਿੱਗਣ ਦੇ ਬਾਅਦ ਰੋਹਿਤ ਸ਼ਰਮਾ ਅਤੇ ਕੇ. ਐੱਲ. ਰਾਹੁਲ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ। ਰੋਹਿਤ ਸ਼ਰਮਾ ਨੇ ਤਾਂ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ ਹਾਲਾਂਕਿ ਕੇ. ਐੱਲ ਰਾਹੁਲ 33 ਗੇਂਦਾਂ 'ਚ 45 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਉਹ ਆਪਣਾ ਅਰਧ ਸੈਂਕੜਾ ਪੂਰਾ ਨਹੀਂ ਕਰ ਸਕੇ। ਜਿਵੇਂ ਹੀ ਰੋਹਿਤ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਉਸ ਤੋਂ ਬਾਅਦ ਰੋਹਿਤ ਸ਼ਰਮਾ ਦੀਆਂ ਨਸਾਂ 'ਚ ਖਿੱਚਾਅ ਆ ਗਿਆ। ਇਸੇ ਦੇ ਬਾਵਜੂਦ ਵੀ ਰੋਹਿਤ ਬੱਲੇਬਾਜ਼ੀ ਕਰਦੇ ਰਹੇ ਪਰ ਬਦਕਿਸਮਤੀ ਨਾਲ ਰੋਹਿਤ 41 ਗੇਂਦਾਂ 'ਚ 60 ਦੌੜਾਂ ਬਣਾ ਕੇ ਰਿਟਾਇਰ ਹਰਟ ਹੋ ਕੇ ਪਵੇਲੀਅਨ ਪਰਤ ਗਏ। ਪਰ ਉਨ੍ਹਾਂ ਦੇ ਵਾਪਸ ਨਾ ਆਉਣ 'ਤੇ ਇਹ ਸਵਾਲ ਪੈਦਾ ਹੋ ਗਿਆ ਕਿ ਟੀਮ ਇੰਡੀਆ ਦੀ ਕਪਤਾਨੀ ਕੌਣ ਕਰੇਗਾ। ਇਸ ਦੌਰਾਨ ਟੀਮ ਮੈਨੇਜਮੈਂਟ ਨੇ ਕੇ. ਐੱਲ. ਰਾਹੁਲ 'ਤੇ ਭਰੋਸਾ ਜਤਾਇਆ ਅਤੇ ਉਸ ਨੂੰ ਕਪਤਾਨੀ ਸੌਂਪੀ ਗਈ। ਆਪਣੇ ਪਹਿਲੇ ਹੀ ਕਪਤਾਨੀ ਵਾਲੇ ਮੈਚ 'ਚ ਕੇ. ਐੱਲ. ਰਾਹੁਲ ਉਮੀਦਾਂ 'ਤੇ ਖਰੇ ਉਤਰੇ ਅਤੇ ਭਾਰਤ ਨੂੰ 7 ਦੌੜਾਂ ਨਾਲ ਜਿੱਤ ਦਿਵਾ ਦਿੱਤੀ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਕੇ. ਐੱਲ. ਰਾਹੁਲ ਸ਼ਾਨਦਾਰ ਬੱਲੇਬਾਜ਼ ਬਣ ਕੇ ਉਭਰੇ ਹਨ। ਨਿਊਜ਼ੀਲੈਂਡ ਖਿਲਾਫ ਖੇਡੀ ਗਈ ਸੀਰੀਜ਼ 'ਚ ਉਹ ਮੈਨ ਆਫ ਦਿ ਸੀਰੀਜ਼ ਵੀ ਬਣੇ ਅਤੇ ਉਨ੍ਹਾਂ ਨੇ ਹਰ ਮੈਚ 'ਚ ਸ਼ਾਨਦਾਰ ਪਾਰੀਆਂ ਖੇਡੀਆਂ। ਇਨ੍ਹਾਂ ਪੰਜ ਮੈਚਾਂ ਦੀ ਗੱਲ ਕਰੀਏ ਤਾਂ ਕੇ. ਐੱਲ. ਰਾਹੁਲ ਨੇ 56, ਅਜੇਤੂ 57, 27, 39 ਅਤੇ 45 ਦੌੜਾਂ ਦੀ ਪਾਰੀ ਖੇਡੀ। ਇਸ ਪ੍ਰਦਰਸ਼ਨ ਨਾਲ ਉਸ ਨੇ ਟੀਮ ਇੰਡੀਆ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਕੇ. ਐੱਲ. ਰਾਹੁਲ ਇਕ ਅਜਿਹੇ ਬੱਲੇਬਾਜ਼ ਹਨ ਜੋ ਟੀਮ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਕਿਤੇ ਵੀ ਬੱਲੇਬਾਜ਼ੀ ਕਰ ਸਕਦੇ ਹਨ। ਕੇ. ਐੱਲ. ਰਾਹੁਲ ਇਸ ਸਮੇਂ ਸਲਾਮੀ ਬੱਲੇਬਾਜ਼ੀ ਕਰ ਹਨ ਅਤੇ ਇਹ ਉਨ੍ਹਾਂ ਦੀ ਪਸੰਦੀਦਾ ਜਗ੍ਹਾ ਵੀ ਇਹੋ ਹੈ। ਪਰ ਉਹ ਨੰਬਰ ਤਿੰਨ ਤੋਂ ਚਾਰ, ਪੰਜ ਅਤੇ ਛੇ ਤਕ ਵੀ ਖੇਡ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਵਿਕਟਕੀਪਿੰਗ ਸਕਿਲ ਵੀ ਉਨ੍ਹਾਂ ਨੂੰ ਮਜ਼ਬੂਤ ਦਾਅਵੇਦਾਰ ਬਣਾਉਂਦੀ ਹੈ। ਉਹ ਵਿਕਟਕੀਪਿੰਗ ਦੀ ਵੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਹਨ।

ਜੇਕਰ ਕਪਤਾਨੀ ਦੀ ਗੱਲ ਕਰੀਏ ਤਾਂ ਕੇ. ਐੱਲ. ਰਾਹੁਲ ਭਵਿੱਖ ਦੇ ਦਮਦਾਰ ਕਪਤਾਨ ਬਣ ਸਕਦੇ ਹਨ ਕਿਉਂਕਿ ਬੀਤੇ ਸਮੇਂ ਮਹਿੰਦਰ ਸਿੰਘ ਧੋਨੀ ਨੇ ਕ੍ਰਿਕਟ 'ਚ ਸਰਗਰਮ ਰਹਿੰਦੇ ਹੀ ਕਪਤਾਨੀ ਛੱਡ ਦਿੱਤੀ ਸੀ ਅਤੇ ਵਿਰਾਟ ਕੋਹਲੀ ਕਪਤਾਨ ਬਣੇ ਸਨ। ਪਿਛਲੇ ਕੁਝ ਮੈਚਾਂ 'ਚ ਰੋਹਿਤ ਨੂੰ ਵੀ ਕਪਤਾਨ ਬਣਾਇਆ ਗਿਆ ਪਰ ਜੇਕਰ ਦੇਖਿਆ ਜਾਵੇ ਤਾਂ ਦੋਵੇ ਕਪਤਾਨ ਉਮਰ ਦੇ ਮਾਮਲੇ 'ਚ 32 ਸਾਲ ਦੇ ਕਰੀਬ ਹਨ। ਹੁਣ ਇਹ ਦੋ ਕ੍ਰਿਕਟਰ ਕੁਝ ਸਾਲਾਂ ਤਕ ਤਾਂ ਕਪਤਾਨੀ ਕਰ ਸਕਦੇ ਹਨ ਪਰ ਲੰਬੇ ਸਮੇਂ ਲਈ ਨਹੀਂ। ਜੇਕਰ ਕਪਤਾਨ ਬਣਾਉਣ ਵਾਲੇ ਖਿਡਾਰੀ 'ਤੇ ਨਜ਼ਰ ਮਾਰੀਏ ਤਾਂ ਕੇ. ਐੱਲ. ਰਾਹੁਲ ਦਾ ਨਾਂ ਉਭਰ ਕੇ ਸਾਹਮਣੇ ਆਉਂਦਾ ਹੈ। ਕੇ. ਐੱਲ. ਰਾਹੁਲ ਦੀ ਉਮਰ ਦੀ ਗੱਲ ਕਰੀਏ ਤਾਂ ਉਹ ਅਜੇ ਕਰੀਬ 27 ਸਾਲਾਂ ਦੇ ਹਨ। ਅਜਿਹੇ 'ਚ ਉਮਰ ਵੀ ਉਨ੍ਹਾਂ ਦੇ ਨਾਲ ਹੈ, ਜਦਕਿ ਟੀਮ ਇੰਡੀਆ ਦੇ ਬਾਕੀ ਖਿਡਾਰੀਆਂ ਤੋਂ ਵੀ ਉਹ ਸੀਨੀਅਰ ਹਨ।

Tarsem Singh

This news is Content Editor Tarsem Singh