ਸੈਮ ਕੁਰੇਨ ਦੀ ਜਗ੍ਹਾ ਇਨ੍ਹਾਂ 4 ਆਲਰਾਊਂਡਰ ਖਿਡਾਰੀਆਂ 'ਤੇ ਹੋਵੇਗੀ KXIP ਦੀ ਨਜ਼ਰ

11/28/2019 4:53:37 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਮ ਲੀਗ ਦੇ ਅਗਲੇ ਸੀਜ਼ਨ ਲਈ ਸ਼ੁਰੂਆਤੀ ਦੌਰ ਚੱਲ ਰਿਹਾ ਹੈ ਜਿਸ ਦੇ ਤਹਿਤ ਹਾਲ ਹੀ 'ਚ ਟ੍ਰੇਡਿੰਗ ਵਿੰਡੋ ਬੰਦ ਹੋਈ ਤਾਂ ਹੁਣ ਸਭ ਦੀਆਂ ਨਜ਼ਰਾਂ 19 ਦਸੰਬਰ ਨੂੰ ਹੋਣ ਵਾਲੀ ਨਿਲਾਮੀ 'ਤੇ ਟਿੱਕ ਗਈਆਂ ਹਨ। ਜਿਸ 'ਚ ਸਾਰੀਆਂ ਟੀਮਾਂ ਆਪਣੇ ਰੀਲੀਜ਼ ਖਿਡਾਰੀਆਂ ਦੇ ਸਹੀ ਬਦਲਾਅ 'ਤੇ ਨਜ਼ਰ ਬਣਾਈ ਬੈਠੀਆਂ ਹਨ। ਆਈ. ਪੀ. ਐੱਲ. 'ਚ ਹੁਣ ਤੱਕ ਇਕ ਵੀ ਖਿਤਾਬ ਨਹੀਂ ਜਿੱਤ ਸਕੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਵੀ ਆਪਣੇ ਕਈ ਖਿਡਾਰੀਆਂ ਨੂੰ ਰੀਲੀਜ਼ ਕੀਤਾ ਹੈ ਜਿਸ 'ਚੋਂ ਉਨ੍ਹਾਂ ਨੇ ਇੰਗਲੀਸ਼ ਨੌਜਵਾਨ ਆਲਰਾਊਂਡਰ ਸੈਮ ਕੁਰੇਨ ਨੂੰ ਵੀ ਛੱਡ ਦਿੱਤਾ। ਪਿਛਲੇ ਸੀਜ਼ਨ 'ਚ ਸੈਮ ਕੁਰੇਨ ਨੇ ਦਿੱਲੀ ਖਿਲਾਫ ਹੈਟ੍ਰਿਕ ਹਾਸਲ ਕਰ ਪੰਜਾਬ ਨੂੰ ਇਸ ਮੈਚ 'ਚ ਜਿੱਤ ਦਿਵਾਈ ਸੀ। ਉਹ 2019 ਆਈ. ਪੀ. ਐੱਲ. 'ਚ ਹੈਟ੍ਰਿਕ ਲੈਣ ਵਾਲਾ ਸਭ ਤੋਂ ਘੱਟ ਉਮਰ ਦਾ ਪਹਿਲਾ ਖਿਡਾਰੀ ਬਣ ਗਿਆ ਸੀ। ਹੁਣ ਇਸ ਸੀਜ਼ਨ 'ਚ ਕੁਰੇਨ ਨੂੰ ਛੱਡਣ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਉਸ ਦੇ ਵਰਗਾ ਜਾਂ ਉਸ ਤੋਂ ਵੀ ਬਿਹਤਰ ਆਲਰਾਊਂਡਰ ਦੀ ਭਾਲ 'ਚ ਹੈ। ਤੁਹਾਨੂੰ ਦੱਸਦੇ ਹਾਂ ਉਨ੍ਹਾਂ 4 ਖਿਡਾਰੀਆਂ ਬਾਰੇ ਜਿਨ੍ਹਾਂ ਨੂੰ ਸੈਮ ਕੁਰੇਨ ਦੇ ਬਦਲਾਅ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ।

ਕ੍ਰਿਸ ਮੌਰਿਸ
ਦੱਖਣੀ ਅਫਰੀਕਾ ਦੇ ਸਟਾਰ ਆਲਰਾਊਂਡਰ ਖਿਡਾਰੀ ਕ੍ਰਿਸ ਮਾਰਿਸ ਦਾ ਨਾਂ ਮੌਜੂਦਾ ਸਮੇਂ 'ਚ ਕੁਝ ਚੰਗੇ ਆਲ-ਰਾਊਂਡਰਸ 'ਚ ਗਿਣਿਆ ਜਾਂਦਾ ਹੈ। ਕ੍ਰਿਸ ਮੌਰਿਸ ਨੇ ਆਈ. ਪੀ. ਐੱਲ. 'ਚ ਆਪਣੀ ਸ਼ੁਰੂਆਤ ਰਾਜਸਥਾਨ ਲਈ ਕੀਤੀ ਸੀ। ਜਿਸ ਤੋਂ ਬਾਅਦ ਉਸ ਨੂੰ ਸਾਲ 2015 ਦੇ ਆਈ. ਪੀ ਐੱਲ. 'ਚ ਦਿੱਲੀ ਕੈਪੀਟਲ ਨੇ ਆਪਣੀ ਟੀਮ ਦਾ ਹਿੱਸਾ ਬਣਾ ਲਿਆ। ਕ੍ਰਿਸ ਮੌਰਿਸ ਨੇ ਦਿੱਲੀ ਨੂੰ ਆਪਣੇ ਦਮ 'ਤੇ ਕਈ ਮੈਚਾਂ 'ਚ ਜਿੱਤ ਦਿਵਾਈ ਹੈ ਪਰ ਪਿਛਲੇ ਸਾਲ ਦੇ ਔਸਤ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ। ਹੁਣ ਮੌਰਿਸ ਨਿਲਾਮੀ 'ਚ ਦਿੱਸੇਗਾ ਜਿੱਥੇ ਕਿੰਗਜ਼ ਇਲੈਵਨ ਪੰਜਾਬ ਉਸ 'ਤੇ ਦਾਅ ਖੇਡਣਾ ਚਾਹੇਗੀ।
ਡੇਵਿਡ ਵਿਲੀ
ਇੰਗਲੈਂਡ ਦੇ ਟੀ-20 ਸਪੈਸਟਲਿਸਟ ਆਲਰਾਊਂਡਰ ਡੇਵਿਡ ਵਿਲੀ ਪਿਛਲੇ ਸੀਜ਼ਨ 'ਚ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਰਿਹਾ ਹੈ। ਇਸ ਦੌਰਾਨ ਉਸ ਨੂੰ ਗਿਣੇ ਚੁੱਣੇ ਮੈਚਾਂ 'ਚ ਹੀ ਮੌਕਾ ਮਿਲ ਸਕਿਆ ਹੈ। ਤਾਂ ਉਥੇ ਹੀ ਇਸ ਸੀਜ਼ਨ 'ਤੋਂ ਪਹਿਲਾਂ ਉਸ ਨੂੰ ਚੇਨਈ ਸੁਪਰ ਕਿੰਗਜ਼ ਨੇ ਰਿਲੀਜ਼ ਕਰ ਦਿੱਤਾ। ਇਕ ਬਤੌਰ ਤੇਜ਼ ਗੇਂਦਬਾਜ਼ ਅਤੇ ਬੱਲੇਬਾਜ਼ੀ 'ਚ ਵੀ ਉਸ ਨੇ ਕਮਾਲ ਕੀਤਾ ਹੈ। ਵਿਲੀ ਨੇ ਹੁਣ ਤਕ 185 ਮੈਚਾਂ 'ਚ 140 ਦੇ ਕਰੀਬ ਸਟਰਾਈਕ ਰੇਟ ਨਾਲ 2695 ਦੌੜਾਂ ਬਣਾਈਆਂ ਹਨ। ਇਸ 'ਚ 11 ਅਰਧ ਸ਼ਤਕ ਅਤੇ 1 ਸ਼ਤਕ ਸ਼ਾਮਲ ਹਨ। ਅਜਿਹੇ 'ਚ ਵਿਲੀ ਨੂੰ ਕਿੰਗਜ਼ ਇਲੈਵਨ ਪੰਜਾਬ ਸੈਮ ਕੁਰੇਨ ਦੇ ਸਥਾਨ 'ਤੇ ਸ਼ਾਮਲ ਕਰ ਸਕਦੀ ਹੈ।
ਜੇਮਸ ਨੀਸ਼ਮ
ਨਿਊਜ਼ੀਲੈਂਡ ਦੇ ਨੌਜਵਾਨ ਆਲਰਾਊਂਡਰ ਜੇਮਸ ਨੀਸ਼ਮ ਨੇ ਪਿਛਲੇ ਇਕ ਸਾਲ 'ਚ ਜ਼ਬਰਦਸਤ ਤਰੱਕੀ ਕੀਤੀ ਹੈ। ਜੇਮਸ ਨੀਸ਼ਮ ਨੇ ਨਾ ਸਿਰਫ ਬੱਲੇਬਾਜ਼ੀ ਸਗੋਂ ਗੇਂਦਬਾਜ਼ੀ 'ਚ ਵੀ ਵਿਕਟ ਲੈਣ ਦੀ ਸਮਰੱਥਾ ਵਿਖਾਈ ਹੈ। ਵਰਲਡ ਕੱਪ ਦੇ ਦੌਰਾਨ ਨਿਊਜ਼ੀਲੈਂਡ ਲਈ ਬੜਾ ਹੀ ਲਾਭਦਾਇਕ ਰਿਹਾ ਸੀ। ਜੇਮਸ ਨੀਸ਼ਮ ਦੀਆਂ ਨਜ਼ਰਾਂ ਆਈ. ਪੀ. ਐੱਲ ਨਿਲਾਮੀ 'ਤੇ ਹਨ। ਪਿਛਲੇ ਕੁਝ ਸੀਜ਼ਨ ਤੋਂ ਨੀਲਾਮੀ 'ਚ ਨਜ਼ਰਅੰਦਾਜ਼ ਕਰ ਦਿੱਤੇ ਜਾਣ ਵਾਲੇ ਜੇਮਸ ਨੀਸ਼ਮ ਦਾ ਮੌਜੂਦਾ ਫ਼ਾਰਮ ਨੂੰ ਵੇਖਦੇ ਹੋਏ ਤਾਂ ਉਨ੍ਹਾਂ ਨੂੰ ਲੈ ਕੇ ਸਾਰੀਆਂ ਟੀਮਾਂ 'ਚ ਜ਼ੋਰ-ਅਜਮਾਇਸ਼ ਨਜ਼ਰ ਆ ਸਕਦੀ ਹੈ। ਅਜਿਹੇ 'ਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਜੇਮਸ ਨੀਸ਼ਮ ਨੂੰ ਆਪਣਾ ਹਿੱਸਾ ਬਣਾਉਣ ਦਾ ਮੌਕਾ ਨਹੀਂ ਗੁਆਉਣਾ ਚਾਹੇਗੀ।
ਮਾਰਕਸ ਸਟੋਇਨਿਸ
ਆਸਟਰੇਲੀਆ ਦੇ ਨੌਜਵਾਨ ਆਲਰਾਊਂਡਰ ਮਾਰਕਸ ਸਟੋਇਨਿਸ ਪਿਛਲੇ ਕਈ ਸਾਲਾਂ ਤੋਂ ਆਈ. ਪੀ. ਐੱਲ. 'ਚ ਖੇਡ ਰਹੇ ਹਨ। ਮਾਰਕਸ ਸਟੋਇਨਿਸ ਨੇ 2015 'ਚ ਦਿੱਲੀ ਕੈਪੀਟਲਸ ਲਈ ਸ਼ੁਰੂਆਤ ਕੀਤੀ ਪਰ ਬਾਅਦ 'ਚ ਉਹ ਕਿੰਗਜ਼ ਇਲੈਵਨ ਪੰਜਾਬ ਦਾ ਹਿੱਸਾ ਬਣੇ। ਜਿਸ ਤੋਂ ਬਾਅਦ ਪਿਛਲੇ ਸੀਜ਼ਨ ਉਨ੍ਹਾਂ ਨੂੰ ਆਰ. ਸੀ. ਬੀ ਨੇ ਆਪਣੀ ਟੀਮ 'ਚ ਸ਼ਾਮਲ ਕੀਤਾ ਪਰ ਕੁਝ ਖਾਸ ਨਾ ਕਰਨ ਤੋਂ ਬਾਅਦ ਉਸ ਨੂੰ ਰੀਲੀਜ਼ ਕਰ ਦਿੱਤਾ ਗਿਆ। ਮਾਰਕਸ ਸਟੋਇਨਿਸ ਆਸਟਰੇਲੀਆ ਦੀ ਮੌਜੂਦਾ ਟੀਮ ਦਾ ਸਭ ਤੋਂ ਅਹਿਮ ਖਿਡਾਰੀ ਮੰਨਿਆ ਜਾਂਦਾ ਹੈ। ਉਸ ਨੂੰ ਇਸ ਵਾਰ ਫਿਰ ਨੀਲਾਮੀ 'ਚ ਵੇਖਿਆ ਜਾਵੇਗਾ। ਹਾਲਾਂਕਿ ਆਰ. ਸੀ. ਬੀ ਨੇ ਸਟੋਇਨਿਸ ਨੂੰ ਰਿਲੀਜ਼ ਕਰ ਦਿੱਤਾ ਪਰ ਜਿਸ ਤਰ੍ਹਾਂ ਦੇ ਖਿਡਾਰੀ ਸਟੋਇਨਿਸ ਹੈ ਉਸਨੂੰ ਵੇਖ ਕੇ ਤਾਂ ਉੁਸ ਨੂੰ ਕਿੰਗਜ਼ ਇਲੈਵਨ ਪੰਜਾਬ ਆਪਣਾ ਹਿੱਸਾ ਬਣਾ ਸਕਦੀ ਹੈ।